

ਜਿਸ ਵੇਲੇ ਬ੍ਰਾਹਮਣਾਂ ਨੇ ਸੁਣਿਆ ਕਿ ਸ੍ਰੀ ਸਤਿਗੁਰ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਸੂਤਕ ਵਾਲੇ ਘਰ ਦਾ ਭੋਜਨ ਛਕਾਇਆ ਹੈ ਤਾਂ ਉਸੀ ਵੇਲੇ ਬ੍ਰਾਹਮਣਾਂ ਨੇ ਸਤਿਗੁਰ ਦੇਵਾਂ ਨੂੰ ਕਿਹਾ ਆਪ ਐਸੇ ਉਪਦੇਸ਼ਟਾ ਹੋ ਕੇ ਸੂਤਕ ਵਾਲਾ ਭੋਜਨ ਸਿੱਖਾਂ ਨੂੰ ਛਕਾਉਂਦੇ ਹੋ ਇਹ ਠੀਕ ਨਹੀਂ ਹੈ।
ਉਸ ਵੇਲੇ ਸਤਿਗੁਰਾਂ ਨੇ ਬ੍ਰਾਹਮਣਾਂ ਪ੍ਰਤੀ ਇਹ ਸਲੋਕ ਉਚਾਰਨ ਕੀਤਾ-
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥
ਹੇ ਬ੍ਰਾਹਮਣੋ ! ਜੇਕਰ ਸੂਤਕ ਨੂੰ ਮੰਨਣਾ ਕਰੀਏ ਭਾਵ ਜੇ ਇਹ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ ਤਾਂ ਇਹ ਯਾਦ ਰੱਖੋ ਕਿ ਸਭ ਜਗ੍ਹਾ ਤੇ ਸੂਤਕ ਹੀ ਹੋ ਰਿਹਾ ਹੈ।
ਯਥਾ ਪ੍ਰਮਾਣ-
ਕਹੁ ਰੇ ਪੰਡੀਆ ਕਉਨ ਪਵੀਤਾ॥ ਐਸਾ ਗਿਆਨੁ ਜਪਹੁ ਮੇਰੇ ਮੀਤਾ॥
'ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ॥ ੪੧॥‘
(ਗਉੜੀ ਕਬੀਰ ਜੀ, ਪੰਨਾ ੩੩੧)
ਫਿਰ ਦੇਖੋ ! ਸੂਤਕ ਦਾ ਭਰਮ ਰੱਖਿਆ ਵੀ ਕਿਵੇਂ ਜਾ ਸਕਦਾ ਹੈ, ਜਦ ਕਿ ਹਰ ਵੇਲੇ ਸਾਡੀ ਰਸੋਈ ਵਿਚ ਸੂਤਕ ਪੈ ਰਿਹਾ ਹੈ। ਰਸੋਈ ਵਿਚ ਜੋ ਗੋਹੇ ਲਕੜੀਆਂ ਬਾਲਦੇ ਹਾਂ, ਉਹਨਾਂ ਵਿਚ ਵੀ ਕੀੜੇ ਹੁੰਦੇ ਹਨ।
ਯਥਾ-
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥
ਪਾਥੀਆਂ ਅਤੇ ਲੱਕੜੀਆਂ ਅੰਦਰ ਕੀੜੇ ਹੁੰਦੇ ਹਨ। ਫੇਰ ਜੋ ਅੰਨ ਰਸੋਈ ਦੇ ਵਿਚ ਵਰਤਦੇ ਹਾਂ, ਉਸ ਰਸੋਈ ਦੇ
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥
ਜਿਤਨੇ ਵੀ ਅੰਨ ਦੇ ਦਾਣੇ ਹਨ, ਜੀਵਾਂ ਤੋਂ ਬਿਨਾਂ ਕੋਈ ਵੀ ਨਹੀਂ, ਕਿਉਂਕਿ ਜਿਸ ਵੇਲੇ ਦਾਣੇ ਭੁਜਦੇ ਹਨ ਤਾਂ ਤੜ ਤੜ ਕਰਦੇ ਹਨ।
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਸਭ ਤੋਂ ਪਹਿਲੇ ਵਿਚਾਰ ਕੇ ਦੇਖੋ ਪਾਣੀ ਵਿਚ ਕਿਤਨੇ ਹੀ ਜੀਵ ਹਨ, ਜਿਸ ਜਲ ਕਰਕੇ ਸਭ ਕੋਈ ਹਰਿਆ ਹੁੰਦਾ ਹੈ।
ਯਥਾ- 'ਬਇਆਲੀਸ ਲਖ ਜੀ ਜਲ ਮਹਿ ਹੋਤੇ !!' (ਆਸਾ ਨਾਮਦੇਵ, ਪੰਨਾ ੪੮੫)