

ਸਤਿਗੁਰ ਦੇਵ ਜੀ ਕਥਨ ਕਰਦੇ ਹਨ, ਇਹ ਆਦਮੀ ਹੰਸਾਂ ਵਾਂਗੂੰ ਸਨ, ਕਿਉਂਕਿ ਇਹ ਮਨੁੱਖਾ ਦੇਹ ਸਭ ਨਾਲੋਂ ਅਮੋਲਕ ਕਹੀ ਹੈ।
ਯਥਾ- ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥
(ਆਸਾ ਮ: ੫, ਪੰਨਾ ੩੭੪)
ਤਥਾ- ਭਾਈ ਗੁਰਦਾਸ ਜੀ ਨੇ ਕਥਨ ਕੀਤਾ ਹੈ-
ਲਖ ਚਉਰਾਸੀਹ ਜੂਨਿ ਵਿਚਿ ਊਤਮੁ ਜੂਨਿ ਸੁ ਮਾਣਸ ਦੇਹੀ॥
ਅਖੀ ਦੇਖੈ ਨਦਰਿ ਕਰਿ ਜਿਹਬਾ ਬੋਲੈ ਬਚਨ ਬਿਦੇਹੀ॥
(ਭਾਈ ਗੁਰਦਾਸ ਜੀ. ਵਾਰ ੧੫ ਪਉੜੀ ੩)
ਤਥਾ- ਚਉਰਾਸੀਹ ਲਖ ਜੋਨਿ ਵਿਚਿ ਉਤਮ ਮਾਣਸ ਜੂਨਿ ਭਲੇਰੇ॥
(ਭਾਈ ਗੁਰਦਾਸ ਜੀ, ਵਾਰ ੧੫ ਪਉੜੀ ੧੯)
ਪਰੰਤੂ ਕਰਮਾਂ ਅਨੁਸਾਰ ਬੱਧੇ ਹੋਏ ਜਮਪੁਰੀ ਵਿਚ ਜਾਂਦੇ ਹਨ॥੨॥
ਮਃ ੧ ॥ ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਭਰਮ ਰੂਪੀ ਸੂਤਕ ਸਾਰੇ ਹੋ ਰਿਹਾ ਹੈ। ਜਿਸ ਭਰਮ ਕਰਕੇ ਇਹ ਪੁਰਸ਼ ਦ੍ਵੈਤ-ਭਾਵ ਵਿਚ ਲੱਗਾ ਜਾ ਰਿਹਾ ਹੈ।
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਜੰਮਣਾ ਮਰਨਾ ਵਾਹਿਗੁਰੂ ਦੇ ਹੁਕਮ ਵਿਚ ਹੈ ਅਤੇ ਉਸ ਦੇ ਭਾਣੇ ਅੰਦਰ ਹੀ ਜੀਵ ਆਉਂਦਾ ਜਾਂਦਾ ਹੈ।
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥
ਜੋ ਵਾਹਿਗੁਰੂ ਦੇ ਭਾਣੇ ਨੂੰ ਮੰਨਦਾ ਹੈ, ਉਸ ਦਾ ਖਾਣਾ ਪੀਣਾ ਸਭ ਪਵਿੱਤ੍ਰ ਹੈ, ਕਿਉਂਕਿ ਉਹ ਸੂਤਕ-ਪਾਤਕ ਨੂੰ ਮੰਨਦਾ ਨਹੀਂ ਅਤੇ ਆਪਣੇ ਦਿਲ ਵਿਚ ਇਹ ਨਿਸਚੇ ਕਰਦਾ ਹੈ ਕਿ ਵਾਹਿਗੁਰੂ ਨੇ ਆਪ ਹੀ ਰਿਜਕੁ=ਖਾਣ ਪਾਣ ਸੰਬਾਹਿ ਦਿਤੋਨੁ=ਪਹੁੰਚਾ ਦਿੱਤਾ ਹੈ।
ਯਥਾ- ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ॥੨॥
(ਮਾਰੂ ਸੋਲਹੇ ਮ: ੩, ਪੰਨਾ ੧੦੫੫)
ਤਥਾ- ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ॥
(ਗੂਜਰੀ ਮ: ੫, ਪੰਨਾ ੪੯੫)
ਤਥਾ- ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ॥੨॥
(ਮਾਰੂ ਮ: ੩, ਪੰਨਾ ੧੦੪੫)
ਤਥਾ- ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ॥
(ਸੂਹੀ ਕੀ ਵਾਰ, ਪੰਨਾ ੭੮੫)