

ਵਿਚਹੁ ਮਾਰਿ ਕਢੀਆ ਬੁਰਿਆਈਆ ॥
ਗੁਰਾਂ ਨੇ ਹੁਕਮ ਰੂਪੀ ਹੱਥ ਜਗਿਆਸੂ ਦੇ ਮੱਥੇ ਤੇ ਧਰਿ ਕਰਿ=ਰੱਖ ਕਰਕੇ ਰਿਦੇ 'ਚੋਂ ਸਭ ਬੁਰਿਆਈਆਂ ਮਾਰ ਕੇ ਬਾਹਰ ਕੱਢ ਦਿੱਤੀਆਂ। ਅਥਵਾ:- ਹੁਕਮ ਦੇ ਕਰਨ ਵਾਲੇ ਜੋ ਗੁਰੂ ਹਨ ਉਹਨਾਂ ਨੇ ਮੱਥੇ 'ਪਰ ਕ੍ਰਿਪਾ ਰੂਪੀ ਹੱਥ ਧਰ ਕੇ ਰਿਦੇ 'ਚੋਂ ਸਭ ਮਾਰਿ=ਕਾਮ ਆਦਿਕ ਬੁਰਿਆਈਆਂ ਕੱਢ ਦਿੱਤੀਆਂ।
ਸਹਿ ਤੁਠੈ ਨਉ ਨਿਧਿ ਪਾਈਆ ॥੧੮ ॥
ਸਹਿ=ਵਾਹਿਗੁਰੂ ਦੇ ਤੁਠੈ=ਪ੍ਰਸੰਨ ਹੋਣ ਨਾਲ, ਗੁਰਮੁਖਾਂ ਨੂੰ ਨੌਨਿਧੀਆਂ* ਅਠਾਰ੍ਹਾਂ ਸਿੱਧੀਆਂ ਆਦਿਕ ਸਭ ਪਦਾਰਥ ਪਾਈਆ-ਪ੍ਰਾਪਤ ਹੁੰਦੇ ਹਨ॥ ੧੮॥
ਸਲੋਕੁ ਮਃ ੧ ॥
ਉਥਾਨਕਾ- ਸਿੱਖਾਂ ਨੇ ਗੁਰੂ ਸਾਹਿਬ ਜੀ ਪਾਸ ਬੇਨਤੀ ਕੀਤੀ ਚੰਗੇ ਚੰਗੇ ਪਦਾਰਥ ਵਿਸ਼ਟਾ ਰੂਪ ਕਿਉਂ ਹੋ ਜਾਂਦੇ ਹਨ, ਪਕਾਣ ਵਾਲੇ ਵਿਚ ਦੋਸ਼ ਹੈ ਜਾਂ ਖਾਣ ਵਾਲੇ ਵਿਚ ਦੋਸ਼ ਹੈ?
ਗੁਰ ਉੱਤਰ-
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥
ਸਭ ਤੋਂ ਪਹਿਲਾਂ ਬ੍ਰਾਹਮਣ ਆਪ ਹੱਥ ਪੈਰ ਧੋ ਕੇ ਇਸ਼ਨਾਨ ਕਰਕੇ ਚੰਗੀ ਤਰ੍ਹਾਂ ਪਵਿੱਤ੍ਰ ਹੋ ਕੇ ਫੇਰ ਸੁਚੈ=ਪਵਿੱਤ੍ਰ ਚੌਕੇ 'ਪਰ ਆ ਕੇ ਬੈਠਦਾ ਹੈ।
ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥
ਸੁਚੇ=ਪਵਿੱਤ੍ਰ ਲਾਂਗਰੀ ਨੇ ਹੀ ਉਹ ਭੋਜਨ ਛੱਕਣ ਵਾਲੇ ਬ੍ਰਾਹਮਣ ਦੇ ਅੱਗੇ ਲਿਆ ਕੇ ਰੱਖਣਾ ਕੀਤਾ, ਜਿਸ ਭੋਜਨ ਨੂੰ ਕੋਈ ਵੀ ਜਾ ਕੇ ਨਹੀਂ ਛੋਹਿਆ।
ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥
ਫਿਰ ਛੱਕਣ ਵਾਲੇ ਨੇ ਪਵਿੱਤਰ ਹੋ ਕੇ ਭਾਵ ਹੱਥਾਂ ਨੂੰ ਧੋ ਕੇ ਭੋਜਨ ਜੇਵਿਆ=ਛੱਕਣਾ ਕੀਤਾ ਅਤੇ ਸਲੋਕ ਪੜ੍ਹਨ ਲੱਗ ਪਿਆ** ਤਾਂ ਕਿ ਸੁੱਚਤਾ ਜਾਰੀ ਰਹੇ, ਪਰ ਐਡੀ ਪਵਿੱਤ੍ਰਤਾ
-------------------
* ਨੌ ਨਿਧੀਆਂ -੧. ਪਦਮ, ੨. ਮਹਾਂ ਪਦਮ, ੩. ਸੰਖ, ੪. ਮਕਰ, ੫. ਕਛਪ, ੬. ਮੁਕੰਦ, ੭. ਕੁੰਦ, ੮. ਨੀਲ, ੯. ਖਰਬ।
** ਬ੍ਰਹਮਾਰਪਣੰ ਬ੍ਰਹਮ ਹਵਿਰ ਬ੍ਰਹਮਾਗਨਉ ਬ੍ਰਹਮਣਾ ਹੁਤਮ॥
ਬ੍ਰਹਮਈਵ ਤੇਨ ਗੰਤੱਵਯੰ ਬ੍ਰਹਮ ਕਰਮ ਸਮਾਧੀਨਾ॥ (ਗੀਤਾ ਧਿ: ੪. ਸਲੋਕ ੨੪)