

ਗ੍ਰਿਹਸਥ ਦੀ ਨਖੇਧੀ ਕਰਦਾ ਸੀ ਉਸ ਨੂੰ ਸਮਝਾਉਂਦੇ ਹਨ-
ਮਃ ੧ ॥ ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ=ਇਸਤ੍ਰੀ। ਜੰਮੀਐ=ਜੰਮਣਾ। ਨਿੰਮੀਐ=ਕਿਸੇ ਬੀਜ ਦੇ ਨਵੇਂ ਫੁੱਟਣ ਨੂੰ ਨਿੰਮਿਆਂ ਆਖਦੇ ਹਨ। ਇਸੇ ਭਾਵ ਤੋਂ ਬੀਰਜ ਦੇ ਅੰਦਰ ਟਿਕ ਕੇ ਮੌਲਣ ਨੂੰ ਨਿੰਮਣਾ ਆਖਦੇ ਹਨ।
ਅਰਥ-ਪਹਿਲੇ ਇਸਤ੍ਰੀ ਨਿੰਮਦੀ ਹੈ, ਫੇਰ ੯ ਮਹੀਨੇ ਤੇ ਕੁਝ ਦਿਨਾਂ ਬਾਅਦ ਔਰਤ ਬੱਚੇ ਨੂੰ ਜੰਮਦੀ ਹੈ। ਸਨੇ ਸਨੇ ਬੱਚਾ ਆਪਣੀ ਬਾਲਕ ਅਵਸਥਾ ਤੋਂ ਲੰਘ ਕੇ ਜਿਸ ਵੇਲੇ ਰਵਣ ਅਵਸਥਾ ਤੇ ਪਹੁੰਚਦਾ ਹੈ-
ਭੰਡਿ ਮੰਗਣੁ ਵੀਆਹੁ ॥
ਤਾਂ ਫਿਰ ਇਸਤ੍ਰੀ ਨਾਲ ਮੰਗਣੀ ਕਰਕੇ ਪਿਛੋਂ ਵਿਆਹ ਕਰ ਦੇਂਦੇ ਹਨ।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਸਾਰਿਆਂ ਨਾਲੋਂ ਵਧ ਭੰਡਹੁ=ਇਸਤ੍ਰੀ ਨਾਲ ਦੋਸਤੀ-ਪ੍ਰੀਤੀ ਹੁੰਦੀ ਹੈ ਅਤੇ ਇਸਤ੍ਰੀ ਹੋਣ ਕਰਕੇ ਹੀ ਦੁਨੀਆਂ ਦੇ ਸਾਰੇ ਰਾਹ ਚਲਦੇ ਹਨ। ਅਥਵਾ:-ਇਸਤ੍ਰੀ ਕਰਕੇ ਹੀ ਦੇਵੀ ਦੇਵਤਿਆਂ ਨਾਲ ਦੋਸਤੀ ਹੁੰਦੀ ਹੈ। ਭਾਵ ਦੇਵੀ ਦੇਵਤਿਆਂ ਦਾ ਪੂਜਨ ਅਤੇ ਯੱਗ ਆਦਿਕ ਕਰਮਾਂ ਦੀ ਸਫਲਤਾ ਇਸਤ੍ਰੀ ਕਰਕੇ ਹੀ ਹੁੰਦੀ ਹੈ। ਯਥਾ-
ਜਿਸ ਵੇਲੇ ਸ੍ਰੀ ਰਾਮਚੰਦ੍ਰ ਜੀ ਨੇ ਯੱਗ ਆਰੰਭਿਆ ਹੈ ਉਸ ਵੇਲੇ ਸੀਤਾ ਦਾ ਪਾਸ ਨਾ ਹੋਣਾ ਵੇਖ ਕੇ ਸੋਨੇ ਦੀ ਸੀਤਾ ਬਣਾ ਕੇ ਪਾਸ ਖੜੀ ਕੀਤੀ, ਤਾਂ ਕਿ ਆਰੰਭਿਆ ਹੋਇਆ ਯੱਗ ਸਫਲਤਾ ਨਾਲ ਸੰਪੂਰਨ ਹੋਵੇ।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਜਿਸ ਵੇਲੇ ਪਹਿਲੀ ਇਸਤ੍ਰੀ ਮਰ ਜਾਵੇ ਤਾਂ ਫਿਰ ਗ੍ਰਿਹਸਥੀ ਹੋਰ ਭੰਡ=ਇਸਤ੍ਰੀ ਲੱਭਦਾ ਹੈ, ਕਿਉਂਕਿ ਆਪਸ ਵਿਚ ਲੈਣ ਦੇਣ ਦੀ ਸਾਰੀ ਸੰਸਾਰਕ ਬੰਧਾਨੁ=ਕਹੀਏ ਮਰਯਾਦਾ ਇਸਤ੍ਰੀ ਕਰਕੇ ਹੁੰਦੀ ਹੈ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਸੋ=ਉਸ ਇਸਤ੍ਰੀ ਨੂੰ ਮੰਦਾ=ਮਾੜਾ ਕਿਉਂ ਕਹੀਏ ਜਿਸ ਇਸਤ੍ਰੀ ਤੋਂ ਰਾਜਾਨ=ਰਾਜੇ ਮਹਾਰਾਜੇ ਅਤੇ ਅਵਤਾਰ ਆਦਿਕ ਪ੍ਰਤਾਪ ਸ਼ਾਲੀ ਲੋਕ ਭੀ ਉਤਪੰਨ ਹੁੰਦੇ ਹਨ।
ਏਸ ਕਰਕੇ ਗ੍ਰਿਹਸਥ ਧਰਮ ਨੂੰ ਸਭ ਦਾ ਮੂਲ ਰੂਪ ਅਤੇ ਹੋਰ ਸਭ ਆਸ਼ਰਮਾਂ ਨੂੰ ਸ਼ਾਖਾਂ