

ਉਥਾਨਕਾ- ਇਕ ਆਦਮੀ ਫਿਕੇ ਬਚਨ ਬੋਲਦਾ ਸੀ, ਉਸ ਨੂੰ ਉਪਦੇਸ਼ ਦਿੰਦੇ ਹਨ-
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਹੇ ਪੁਰਸ਼ਾ! ਫਿੱਕੇ ਬਚਨ ਬੋਲਣ ਕਰਕੇ ਆਪਣਾ ਤਨ ਮਨ ਫਿੱਕਾ ਹੁੰਦਾ ਹੈ। ਪਹਿਲੇ ਆਪਣਾ ਦਿਲ ਦੁੱਖਦਾ ਹੈ ਫੇਰ ਦੂਸਰੇ ਦਾ ਦਿਲ ਦੁੱਖੀ ਹੁੰਦਾ ਹੈ।
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥
ਫਿੱਕੇ ਬਚਨਾਂ ਦੇ ਬੋਲਣ ਨਾਲ ਲੋਕੀਂ 'ਫਿੱਕਾ ਸੱਦਣ ਲੱਗ ਜਾਂਦੇ ਹਨ। ਫਿੱਕਿਆਂ ਦੀ ਫਿੱਕੀ ਹੀ ਸੋਇ=ਸੋਭਾ, ਅਥਵਾ:-ਕਨਸੋਆਂ ਹੁੰਦੀਆਂ ਹਨ। ਭਾਵ ਬਦਨਾਮ ਹੋ ਜਾਂਦਾ ਹੈ।
ਯਥਾ- ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥
(ਸਿਰੀਰਾਗੁ ਮਹਲਾ ੧, ਪੰਨਾ ੧੫)
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥
ਫਿੱਕੇ ਬਚਨ ਬੋਲਣ ਵਾਲਾ ਪੁਰਸ਼ ਦਰਗਾਹ ਵਿਚੋਂ ਭੀ ਸੁਟਿਆ ਜਾਂਦਾ ਹੈ। ਅਤੇ ਫਿੱਕੇ ਦੇ ਮੂੰਹ ਉੱਤੇ ਥੁਕਾਂ ਪੈਂਦੀਆਂ ਹਨ।
ਸਾਖੀ-ਜੈ ਬਿਜੈ ਦੀ
ਜਦੋਂ ਬ੍ਰਹਮਾ ਦੇ ਚਾਰੇ ਪੁਤ੍ਰ ਸਨਕਾਦਿਕ ਵਿਸ਼ਨੂੰ ਭਗਵਾਨ ਜੀ ਦਾ ਦਰਸ਼ਨ ਕਰਨ ਗਏ ਤਾਂ ਰਾਹ ਵਿਚ ਜੈ ਬਿਜੈ ਦੋਹਾਂ ਭਰਾਵਾਂ ਨੇ ਫਿੱਕੇ ਬਚਨ ਬੋਲ ਕੇ ਰੋਕ ਦਿੱਤਾ। ਜਿਸ ਵੇਲੇ ਭਗਵਾਨ ਨੂੰ ਖ਼ਬਰ ਪਹੁੰਚੀ ਕਿ ਮੇਰੇ ਪਿਆਰੇ ਭਗਤਾਂ ਨੂੰ ਜੈ ਬਿਜੈ ਨੇ ਰੋਕ ਦਿੱਤਾ ਹੈ ਤਾਂ ਉਸੀ ਵੇਲੇ ਭਗਵਾਨ ਜੀ ਆਪਣੇ ਸਿੰਘਾਸਨ ਨੂੰ ਛੱਡ ਕੇ ਦੌੜੇ ਆਏ। ਆਉਂਦਿਆਂ ਹੀ ਸਰਾਪ ਦੇ ਦਿੱਤਾ ਤੁਸੀਂ ਇਥੇ ਰਹਿਣ ਦੇ ਅਧਿਕਾਰੀ ਨਹੀਂ। ਜਾਓ! ਮਾਤ ਲੋਕ ਦੀ ਭੂਮੀ 'ਪਰ ਜਨਮ ਜਾ ਕੇ ਲੈਣਾ ਕਰੋ ਤਾਂ ਜੈ ਬਿਜੈ ਨੇ ਹੱਥ ਜੋੜ ਕੇ ਬੇਨਤੀ ਕੀਤੀ-ਭਗਵਾਨ ! ਆਪ ਜੀ ਦਾ ਸਰਾਪ ਤਾਂ ਅਮਿੱਟ ਹੈ ਪਰ ਇਹ ਸਰਾਪ ਨਵਿਰਤ ਕਦੋਂ ਹੋਵੇਗਾ ? ਤਾਂ ਵਿਸ਼ਨੂੰ ਭਗਵਾਨ ਨੇ ਕਿਹਾ ਜੇ ਭਗਤੀ ਕਰੋਗੇ ਸੱਤ ਜਨਮ ਧਾਰ ਕੇ ਮਿਲੋਗੇ। ਜੇ ਯੁੱਧ ਜੰਗ ਕਰੋਗੇ ਤਾਂ ਤਿੰਨ ਜਨਮ ਧਾਰ ਕੇ ਮਿਲ ਜਾਓਗੇ। ਤਿਸ ਵੇਲੇ ਤਿੰਨ ਜਨਮ ਜੈ ਬਿਜੈ ਨੇ ਧਾਰ ਕੇ ਯੁੱਧ ਜੰਗ ਕੀਤਾ।
ਇਕ ਜਨਮ ਹਰਨਕਛਪ ਤੇ ਹਰਨਾਖਸ਼, ਦੂਸਰਾ ਜਨਮ ਰਾਵਣ ਤੇ ਕੁੰਭ ਕਰਨ।
ਤੀਸਰਾ ਜਨਮ ਸ਼ਿਸ਼ਪਾਲ ਤੇ ਦੰਤ ਬਕਤ੍ਰ।
ਨੋਟ :-ਦੰਤ ਬਕਤ੍ਰ ਦੀ ਥਾਂ ਕਿਸੇ ਨੇ ਕੰਸ ਮੰਨਿਆਂ ਹੈ।