

ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧ ॥
ਫਿੱਕੇ ਬਚਨ ਬੋਲਣ ਵਾਲੇ ਨੂੰ 'ਮੂਰਖ' ਕਿਹਾ ਜਾਂਦਾ ਹੈ ਤੇ ਅੰਤ ਨੂੰ ਪਾਣਾ=ਜੁੱਤੀਆਂ ਦੀ ਸਜ਼ਾ ਲੈਂਦਾ ਹੈ॥ ੧॥
ਯਥਾ- ਸਬਦੈ ਸਾਦੁ ਨ ਆਇਓ ਨਾਮਿ ਨ ਲਗੈ ਪਿਆਰੁ॥
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ॥
(ਵਡਹੰਸ ਕੀ ਵਾਰ, ਪੰਨਾ ੫੯੪)
ਮਃ ੧ ॥ ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥
ਇਹ ਜੀਵ ਅੰਦਰੋਂ ਝੂਠੇ ਹਨ ਪਰ ਬਾਹਰੋਂ ਚੰਗੇ ਕਰਮ ਕਰਕੇ ਆਪਣੀ ਪਤਅਬਰੋ ਦੁਨੀਆਂ ਅੰਦਰ ਫੈਲਾਉਂਦੇ ਭਾਵ ਵਧਾਂਵਦੇ ਹਨ।
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥
ਉਹ ਭਾਵੇਂ ੬੮ ਤੀਰਥਾਂ ਵਿਚ ਵੀ ਇਸ਼ਨਾਨ ਕਰ ਲੈਣ ਤਾਂ ਵੀ ਉਨ੍ਹਾਂ ਦੀ ਰਾਗ ਦ੍ਵੈਸ਼, ਅਥਵਾ :-ਪਾਪਾਂ ਰੂਪੀ ਮੈਲ ਉਤਰਦੀ ਨਹੀਂ।
ਯਥਾ- ਹ੍ਰਿਦੈ ਕਪਟੁ ਮੁਖ ਗਿਆਨੀ ॥ ਝੂਠੇ ਕਹਾ ਬਿਲੋਵਸਿ ਪਾਨੀ॥੧॥
ਕਾਂਇਆ ਮਾਂਜਸਿ ਕਉਨ ਗੁਨਾਂ ॥ ਜਉ ਘਟ ਭੀਤਰਿ ਹੈ ਮਲਨਾਂ॥ ੧॥ ਰਹਾਉ॥
ਲਉਕੀ ਅਠਸਠਿ ਤੀਰਥ ਨਾਈ॥ ਕਉਰਾਪਨੁ ਤਊ ਨ ਜਾਈ॥੨॥
(ਸੋਰਠਿ ਭਗਤ ਬਾਣੀ, ਪੰਨਾ ੬੫੬)
ਤਥਾ- ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥੨॥
(ਸੂਹੀ ਕੀ ਵਾਰ, ਪੰਨਾ ੭੮੯)
ਜਿਨ੍ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ॥
ਜਿਨ੍ਹਾਂ ਪੁਰਸ਼ਾਂ ਦੇ ਦਿਲ ਅੰਦਰ ਪਟੁ=ਰੇਸ਼ਮ ਭਾਵ ਸ਼ਾਂਤੀ ਹੈ। ਅਥਵਾ:-ਸ਼ੁਭ ਗੁਣਾਂ ਦੇ ਪੁੰਜ ਨੇ ਬਾਹਰੋਂ ਭਾਵੇਂ ਗੁਦੜ=ਮੈਲੇ ਕੁਚੈਲੇ ਟੁਟੇ ਖੁਥੇ ਬਸਤ੍ਰ ਪਹਿਰੇ ਹੋਏ ਹਨ, ਉਹ ਪੁਰਸ਼ ਸੰਸਾਰ ਵਿਚ ਭਲੇ ਹਨ।
ਅਥਵਾ :-ਜਿਨ੍ਹਾਂ ਨੇ ਰਿਦੇ ਅੰਦਰੋਂ ਗੁਦੜੁ=ਕਾਮ ਆਦਿਕਾਂ ਨੂੰ ਪੁਟ ਕੇ ਬਾਹਰ ਸੁਟਿਆ ਹੈ ਉਹ ਪੁਰਸ਼ ਸੰਸਾਰ ਵਿਚ ਭਲੇ ਹਨ।
ਅਥਵਾ:-ਜਿਨ੍ਹਾਂ ਦੇ ਅੰਦਰ ਪਟੁ ਵਤ ਨਿੰਮ੍ਰਤਾ ਹੈ ਤੇ ਬਾਹਰੋਂ 'ਗੁਦੜੁ' ਭਾਵ ਤਾੜਦੇ