Back ArrowLogo
Info
Profile

ਅਤੇ ਹੁਕਮ ਰੂਪੀ ਕਲਮ ਵੀ ਇਕ ਪਰਮਾਤਮਾ ਦੀ ਚਲ ਰਹੀ ਹੈ। ਤਿਸ ਪਰਮਾਤਮਾ ਨੂੰ ਛੱਡ ਕੇ ਇਸ ਜੀਵ ਦਾ ਹਮਾ ਤੁਮਾ=ਹੰਗਤਾ ਤੁਮਤਾ, ਅਥਵਾ:-ਅਸਾਂ ਤੁਸਾਂ ਅਰਥਾਤ ਸਭ ਦੇ ਨਾਲ ਮੇਲ ਹੋ ਰਿਹਾ ਹੈ।

ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ॥੨॥

ਅੰਤ ਨੂੰ ਪਰਮਾਤਮਾ ਦੀ ਦਰਿ=ਦਰਗਾਹ ਵਿਚ ਜਿਸ ਵੇਲੇ ਲੇਖਾ=ਹਿਸਾਬ ਲਿਆ ਜਾਏਗਾ ਤਾਂ ਇਸ ਤਰ੍ਹਾਂ ਪੀੜ ਛਿੜੇਗੀ ਜਿਵੇਂ ਕੋਹਲੂ ਵਿਚ ਤੇਲ ਕੱਢਣ ਵੇਲੇ ਤਿਲਾਂ ਨੂੰ ਦੁੱਖ ਹੁੰਦਾ ਹੈ। ਅਥਵਾ:-ਦਰਗਾਹ ਵਿਚ ਜਦ ਉਹ ਲੇਖਾ ਲਏਗਾ ਤਦ ਇਉਂ ਲਏਗਾ ਜਿਵੇਂ ਤਿਲਾਂ ਨੂੰ ਪੀੜਿਆਂ ਤੇਲ ਛੁੱਟਦਾ ਹੈ।

ਯਥਾ- ਲੇਖਾ ਲੀਜੈ ਤਿਲ ਜਿਉ ਪੀੜੀ॥

(ਮਾਰੂ ਮਹਲਾ ੧, ਪੰਨਾ ੧੦੨੮)

ਤਬਾ- ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ॥੩॥

(ਮਾਰੂ ਸੋਲਹੇ ਮ: ੩, ਪੰਨਾ ੧੦੨੦)

{ਪੰਨਾ ੪੭੪}

ਪਉੜੀ ॥ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥

ਆਪ ਹੀ ਪਰਮਾਤਮਾ ਨੇ ਕਰਣਾ=ਪ੍ਰਪੰਚ ਦੀ ਰਚਨਾ ਨੂੰ ਬਨਾਣਾ ਕੀਤਾ ਹੈ ਅਤੇ ਆਪ ਹੀ ਤਿਸਨੇ ਕਲ=ਸ਼ਕਤੀ ਧਾਰੀ ਹੋਈ ਹੈ।

ਯਥਾ- ਕਲਾ ਉਪਾਇ ਧਰੀ ਜਿਨਿ ਧਰਣਾ॥ ਗਗਨੁ ਰਹਾਇਆ ਹੁਕਮੇ ਚਰਣਾ॥

(ਮਾਰੂ ਸੋਲਹੇ ਮ: ੫, ਪੰਨਾ ੧੦੭੧)

ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ॥

ਆਪਣੇ ਕੀਤੇ ਹੋਏ ਨੂੰ ਆਪ ਹੀ ਧਰਿ=ਫੜ ਕੇ ਵੇਖਦਾ ਹੈ ਕਿ ਇਹ ਜੀਵ ਰੂਪੀ ਸਾਰੀਐ=ਨਰਦ ਕੱਚੀ ਹੈ ਕਿ ਪੱਕੀ ਹੈ। ਭਾਵ ਸ਼ੁਭ ਗੁਣਾਂ ਤੋਂ ਰਹਿਤ ਹੈ ਜਾਂ ਸ਼ੁਭ ਗੁਣਾਂ ਸਹਿਤ ਹੈ।

ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥

ਜੋ ਸੰਸਾਰ ਵਿਚ ਆਇਆ ਹੈ ਉਸ ਨੇ ਚਲਿਆ ਜਾਣਾ ਹੈ। ਸਭ ਕੋਈ ਆਪਣੀ ਵਾਰੀ ਦੇ ਅਨੁਸਾਰ ਆਉਂਦਾ ਹੈ ਤੇ ਵਾਰੀ ਅਨੁਸਾਰ ਹੀ ਚਲਿਆ ਜਾਂਦਾ ਹੈ।

ਯਥਾ- ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ॥

ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ॥

(ਰਾਮਕਲੀ ਮ: ੧, ਪੰਨਾ ੯੩੬)

ਤਥਾ- ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ॥

ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ॥ ੪੭॥

(ਸਲੋਕ ਫਰੀਦ ਜੀ, ਪੰਨਾ ੧੩੮੦)

ਤਥਾ- ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ॥

ਲੋਗੁ ਸਬਾਇਆ ਚਲਿ ਗਇਓ ਹਮ ਤੁਮ ਕਾਮੁ ਨਿਦਾਨ॥ ੮੫॥

(ਸਲੋਕ ਕਬੀਰ ਜੀ, ਪੰਨਾ ੧੩੬੮)

ਤਥਾ- ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ॥

ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ॥ ੫੦॥

ਤਥਾ- ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥

ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥੫੨॥

(ਸਲੋਕ ਮ: ੯, ਪੰਨਾ ੧੪੨੯)

ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ॥

ਜਿਸ ਪਰਮੇਸ਼ਰ ਨੇ ਇਸ ਜੀਵ ਨੂੰ ਪ੍ਰਾਣ ਆਦਿਕ ਦਿੱਤੇ ਹੋਏ ਹਨ, ਉਸ ਸਾਹਿਬੁ=ਵਾਹਿਗੁਰੂ ਨੂੰ ਮਨ 'ਚੋਂ ਕਿਸ ਵਾਸਤੇ ਭੁਲਾਉਣਾ ਹੈ।

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥

ਆਪਣੇ ਹੱਥਾਂ ਨਾਲ ਆਪ ਹੀ ਆਪਣੇ ਸਰੂਪ ਦੀ ਪ੍ਰਾਪਤੀ ਦੇ ਕਾਰਜ ਨੂੰ ਸੁਆਰ ਲਈਏ॥੨੦॥

ਸਲੋਕੁ ਮਹਲਾ ੨ ॥

ਉਥਾਨਕਾ- ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਦੁਆਰਾ ਕਿਸੇ ਪਦਾਰਥ ਦੀ ਪ੍ਰਾਪਤੀ ਕਰਕੇ ਇਕ ਆਦਮੀ ਉਨ੍ਹਾਂ ਵਿਚ ਮਸਤ ਹੋ ਰਿਹਾ ਸੀ ਉਸ ਦੀ ਹਾਲਤ ਵੇਖ ਕੇ ਸਿੱਖਾਂ ਨੇ ਗੁਰੂ ਅੰਗਦ ਸਾਹਿਬ ਜੀ ਪਾਸ ਬੇਨਤੀ ਕੀਤੀ ਕਿ ਫਲਾਣਾ ਆਦਮੀ ਬਹੁਤ ਆਸ਼ਕੀ ਹੈ।

ਗੁਰੂ ਜੀ ਫ਼ੁਰਮਾਉਂਦੇ ਹਨ-

ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥

ਇਹ ਆਸ਼ਕੀ ਕਾਹਦੀ ਹੈ ਜੋ ਆਪਣੇ ਵਾਹਿਗੁਰੂ ਨੂੰ ਛੱਡ ਕੇ ਦੂਜੇ ਦੇਵੀ ਦੇਵਤਿਆਂ ਜਾਂ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਵਿਚ ਲੱਗ ਜਾਣਾ ਹੈ, ਕਿਉਂਕਿ ਦੇਵੀ ਦੇਵਤਿਆਂ ਦੀ ਉਪਾਸ਼ਨਾ ਮੁਕਤੀ ਨਹੀਂ ਦੇ ਸਕਦੀ।

ਯਥਾ- ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥

178 / 355
Previous
Next