

ਵਿਚ ਹੀ ਮਿਲ ਜਾਵੇ ਤਾਂ ਉਹ ਸੇਵਕ ਸੇਵਾ ਵਿਚ ਲੱਗਾ ਹੋਇਆ ਮਾਲਕ ਨੂੰ ਪਰਵਾਨੁ= ਮਨਜ਼ੂਰ ਹੁੰਦਾ ਹੈ। ਏਸੇ ਤਰ੍ਹਾਂ ਜੋ ਭਗਤੀ ਵਿਚ ਲੱਗ ਕੇ ਭਗਤੀ ਦੇ ਨਾਲ ਹੀ ਮਿਲ ਗਿਆ ਹੈ ਉਹ ਭਗਤੀ ਵਿਚ ਹੀ ਲੱਗਾ ਹੋਇਆ ਪਰਮੇਸ਼ਰ ਨੂੰ ਪ੍ਰਵਾਨ ਹੋ ਜਾਂਦਾ ਹੈ॥ ੧॥
ਮਹਲਾ ੨ ॥
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ॥
ਜੋ ਕੁਝ ਕਿਸੇ ਦੇ ਜੀਅ ਵਿਚ ਹੁੰਦਾ ਹੈ ਓਹੋ ਉਗਵੈ=ਪ੍ਰਗਟ ਹੁੰਦਾ ਹੈ। ਉਪਰੋਂ ਉਪਰੋਂ ਮੂੰਹ ਦਾ ਬੋਲਿਆ ਹੋਇਆ ਬਚਨ ਸਭ ਵਾਉ=ਹਵਾ ਵਾਂਗੂੰ ਵਿਅਰਥ ਭਾਵ ਨਿਸਫਲ ਜਾਂਦਾ ਹੈ।
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥
ਇਹ ਜੀਵ ਸੰਸਾਰ ਵਿਚ ਵਿਹੁ ਦਾ ਬੀਜ ਬੀਜਦਾ ਹੈ ਤੇ ਉਸ ਦੇ ਬਦਲੇ ਮੰਗਦਾ ਅੰਮ੍ਰਿਤ ਹੈ। ਇਹ ਨਿਆਂ ਇਸ ਦਾ ਵੇਖਣ ਯੋਗ ਹੈ॥੨॥
ਅਰਥਾਤ ਦੁਨੀਆਂ ਵਿਚ ਭੈੜੇ ਤੇ ਮੰਦ-ਕਰਮ ਕਰਦਾ ਹੈ। ਫੇਰ ਆਖਦਾ ਹੈ ਮੈਨੂੰ ਸੁਖ ਦੀ ਪ੍ਰਾਪਤੀ ਹੋਵੇ। ਹੁਣ ਦੱਸੋ ਭੈੜੇ ਕਰਮਾਂ ਵਾਲੇ ਨੂੰ ਸੁਖ ਕਿਸ ਤਰ੍ਹਾਂ ਪ੍ਰਾਪਤ ਹੋਵੇ ? ਜਿਵੇਂ ਫ਼ਰੀਦ ਜੀ ਨੇ ਕਥਨ ਕੀਤਾ ਹੈ-
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥੨੩॥
(ਸਲੋਕ ਫਰੀਦ ਜੀ, ਪੰਨਾ ੧੩੭੯)
ਅਰਥ-ਜੱਟ ਬੀਜਦਾ ਤਾਂ ਕਿੱਕਰਾਂ ਨੂੰ ਹੈ ਤੇ ਬਿਜਾਵਰ ਦੇਸ ਦੇ ਦਾਖ=ਅੰਗੂਰਾਂ ਨੂੰ ਪ੍ਰਾਪਤ ਕਰਨਾ ਚਾਹਵੇ ਤਾਂ ਭਲਾ ਕਿਸ ਤਰ੍ਹਾਂ ਕਰ ਸਕਦਾ ਹੈ ? ਆਪਣੇ ਘਰਾਂ ਵਿਚ ਪਸ਼ਮ ਨੂੰ ਕਤਾਉਂਦਾ ਫਿਰਦਾ ਹੈ ਤੇ ਰੇਸ਼ਮੀ ਕੱਪੜੇ ਪਹਿਰਨਾ ਚਾਹਵੇ ਤਾਂ ਮੁਸ਼ਕਲ ਹੀ ਹੈ। ਏਸੇ ਆਸ਼ੇ ਤੇ ਇਕ ਕਵੀ ਨੇ ਲਿਖਿਆ ਹੈ*
----------------------
*ਕਿਥੋਂ ਖਾਏਂ ਮੁਸਾਫ਼ਰਾ ਚਲ ਅਗੇ, ਰਸਤ ਬਸਤ ਨਾ ਕੁਝ ਪੁਚਾਈ ਹੋਈ ਹੈ।
ਕਿਥੋਂ ਪਾਣੀ ਦੇ ਪੀਵੇਂ ਗਲਾਸ ਭਰ ਕੇ, ਚੁਲੀ ਇਕ ਨਾ ਹੱਥੀਂ ਪਿਆਈ ਹੋਈ ਹੈ।
ਤੈਨੂੰ ਕਿਸ ਤਰ੍ਹਾਂ ਵਿਚ ਦਰਗਾਹ ਛੱਡਣ, ਛੁਰੀ ਜਿਨ੍ਹਾਂ ਦੇ ਗਲੇ ਚਲਾਈ ਹੋਈ ਹੈ।
ਕਿਥੋਂ ਦਾਖ ਬਿਜਉਰੀਆਂ ਖਾਏਂ ਜੱਟਾ, ਵਾੜ ਜਦੋਂ ਧਰੇਕਾਂ ਦੀ ਲਾਈ ਹੋਈ ਹੈ।
ਕਿਥੋਂ ਪਹਿਨੇ ਪਟ ਪਸ਼ਮੀਨਿਆਂ ਨੂੰ, ਕਾਲੀ ਉਨ ਜਾਂ ਘਰ ਕਤਾਈ ਹੋਈ ਹੈ।
ਲੁਕ ਛੁਪ ਕੇ ਬਹੁਤ ਅਪਰਾਧ ਕਰੇਂ, ਕੀਤੀ ਆਪਣੀ ਮਨੋ ਚਤੁਰਾਈ ਹੋਈ ਹੈ।
ਐਪਰ ਖੁਫੀਆ ਪੁਲੀਸ ਦੇ ਨੌਕਰਾਂ ਨੇ, ਡਾਇਰੀ ਵਿਚ ਦਰਗਾਹ ਪੁਚਾਈ ਹੋਈ ਹੈ।