

ਮਹਲਾ ੨ ॥ ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ॥
ਰਾਜਨੀਤੀ ਕਥਨ ਕਰਦੇ ਹਨ-ਅੰਞਾਣੇ ਬਾਲਕ ਦੇ ਨਾਲ ਪ੍ਰੀਤੀ ਕੀਤੀ ਹੋਈ ਕਦੇ ਵੀ ਰਾਸਿ=ਸੂਤ ਨਹੀਂ ਆਉਂਦੀ ਭਾਵ ਸਿਰੇ ਨਹੀਂ ਚੜ੍ਹਦੀ।
ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ॥
ਕਿਉਂਕਿ ਉਹ ਇਆਣਾ ਬਾਲਕ ਜਿਹੋ ਜਿਹਾ ਜਾਣਦਾ ਹੈ ਭਾਵ ਜੈਸੀ ਉਸ ਨੂੰ ਸਮਝ ਹੁੰਦੀ ਹੈ, ਤਿਹੋ ਜਿਹਾ ਹੀ ਵਰਤਦਾ ਹੈ। ਭਾਵੇਂ ਕੋਈ ਇਸ ਗੱਲ ਦਾ ਨਿਰਜਾਸਿ=ਨਿਰਣਾ ਕਰਕੇ ਵੇਖ ਲਵੇ।
ਦੂਸਰਾ ਅਰਥ-
'ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ॥'
ਇਸ ਤਰ੍ਹਾਂ ਇਆਣੇ ਮਨ ਨਾਲ ਜਿਹੜੀ ਦੋਸਤੀ ਕਰਨੀ ਹੈ ਇਹ ਕਦੇ ਸੂਤ ਨਹੀਂ ਆਉਂਦੀ, ਕਿਉਂਕਿ ਮਨ ਇਕ ਜਗ੍ਹਾ ਨਹੀਂ ਖਲੋਂਦਾ, ਖਿਨ ਖਿਨ ਕਾਲ ਵਿਚ ਇਸ ਦੀ ਹੋਰ ਹੋਰ ਦਸ਼ਾ ਬਦਲਦੀ ਰਹਿੰਦੀ ਹੈ।
ਯਥਾ- ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਥਨ ਕੀਤਾ ਹੈ-
ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨਾ ਹੀ ਸੇਤੀ ਵਾਸਾ॥
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ॥ ੪॥
(ਬਸੰਤੁ ਮਹਲਾ ੧, ਪੰਨਾ ੧੧੭੧)
ਤਥਾ- ਮਨ ਖੁਟਹਰ ਤੇਰਾ ਨਹੀ ਬਿਸਾਸੁ* ਤੂ ਮਹਾ ਉਦਮਾਦਾ॥
ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ॥
(ਬਿਲਾਵਲੁ ਮ: ੫ ਪੰਨਾ ੮੧੫)
ਤਥਾ- ਮਨ ਦੇ ਨਾਲ ਜਿਨ੍ਹਾਂ ਜੁੱਧ ਕੀਤਾ, ਪੂਰੇ ਭਾਗ ਤਿਨ੍ਹਾਂ ਦੇ।
ਸਾਈਂ ਸਦ ਉਹਨਾਂ ਨੂੰ ਕੀਤਾ, ਉਹ ਚਲੇ ਉੱਤੇ ਵਲ ਜਾਂਦੇ।
ਪੂਰੇ ਸਤਿਗੁਰੁ ਸੰਗ ਮਿਲਾਏ, ਗੁਰਮਤ ਲੈ ਬਿਗਸਾਂਦੇ।
ਸੇਵਾ ਦਾਸ ਜਿਨ੍ਹਾਂ ਮਨਮਤ ਤਿਆਗੀ, ਤਿਨ੍ਹਾਂ ਲਧੇ ਭਾਰ ਸੁਖਾਂ ਦੇ।
(ਆਸਾ ਵਰੀਆਂ)
ਤਥਾ- ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥
-------------------
*ਪ੍ਰਮਾਣ-ਰਤਨ ਜੜਤ ਮੰਦਰ ਤਜੇ, ਅਰ ਸਖੀਅਨ ਕੇ ਸਾਥ।
ਰੇ ਮਨ ਧੋਖੇ ਲਾਲ ਕੇ ਦੀਓ ਪੀਕ ਮੇਂ ਹਾਥ। (ਭਰਥਰੀ ਵਾਚ)