

ਅਥਵਾ :-ਇਹ ਕਾਹਦੀ ਚਾਕਰੀ ਹੈ ਜਿਸ ਕਰਕੇ ਪਰਮੇਸ਼ਰ ਦਾ ਖ਼ੌਫ਼ ਦੂਰ ਨਹੀਂ ਹੁੰਦਾ, ਕਿਉਂਕਿ ਖ਼ੌਫ਼ ਤਦ ਦੂਰ ਹੁੰਦਾ ਹੈ ਜੇ ਉਸ ਦਾ ਹੁਕਮ ਮੰਨੇ ਅਤੇ ਉਸ ਦਾ ਭਜਨ ਸਿਮਰਨ ਕਰੇ।
ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ, ਅਸਲੀ ਸੇਵਕ ਤਾਂ ਉਹੀ ਕਾਢੀਐ=ਕਹੀਦਾ ਹੈ, ਜੇਹੜਾ ਆਪਣੇ ਖਸਮ ਦੇ ਨਾਲ ਅਥਵਾ:-ਖਸਮ ਦੀ ਆਗਿਆ ਨਾਲ ਹੀ ਸਮਾ ਜਾਂਦਾ ਹੈ॥੨॥
ਪਉੜੀ ॥ ਨਾਨਕ ਅੰਤ ਨ ਜਾਪਨੀ ਹਰਿ ਤਾ ਕੇ ਪਾਰਾਵਾਰ ॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ, ਉਸ ਪਰਮਾਤਮਾ ਦੇ ਪਾਰ ਉਰਾਰ ਦਾ ਅੰਤ ਜਾਣਿਆਂ ਨਹੀਂ ਜਾਂਦਾ ਭਾਵ ਉਹ ਬੇਅੰਤ ਹੈ।
ਯਥਾ- ਲਖ ਦਰੀਆਉ ਕਵਾਉ ਵਿਚਿ ਅਤਿ ਅਸਗਾਹ ਅਥਾਹ ਵਹੰਦੇ॥
ਆਦਿ ਨ ਅੰਤੁ ਬਿਅੰਤੁ ਹੈ ਅਗਮ ਅਗੋਚਰ ਫੇਰ ਫਿਰੰਦੇ॥
ਅਲਖੁ ਅਪਾਰੁ ਵਖਾਣੀਐ ਪਾਰਾਵਾਰੁ ਨ ਪਾਰ ਲਹੰਦੇ॥
ਲਹਰਿ ਤਰੰਗ ਨਿਸੰਗ ਲਖ ਸਾਗਰ ਸੰਗਮ ਰੰਗ ਰਵੰਦੇ॥
(ਭਾਈ ਗੁਰਦਾਸ ਜੀ, ਵਾਰ ੧੮ ਪਉੜੀ ੯)
ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
ਪਰਮਾਤਮਾ ਆਪ ਹੀ ਮਨਮੁਖਾਂ ਨੂੰ ਸਾਖਤੀ=ਤਾੜਨਾ ਕਰਵਾਉਂਦਾ ਹੈ ਫਿਰ ਆਪ ਹੀ ਪ੍ਰਲੋਕ ਵਿਚ ਮਾਰ ਕਰਾਉਂਦਾ ਹੈ।
ਇਕਨਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
ਇਕਨਾਂ ਦੇ ਗਲ ਵਿਚ ਜੰਜੀਰੀਆ=ਸੰਗਲੀਆਂ ਪਈਆਂ ਹੋਈਆਂ ਹਨ ਭਾਵ ਗੁਲਾਮੀ ਦੇ ਕਸ਼ਟ ਸਹਾਰਦੇ ਹਨ ਅਤੇ ਇਕ ਬਿਸੀਆਰ=ਬੜੀ ਤੁਰਕਾਨ ਦੇਸ ਦੀ ਤੁਰੀ=ਘੋੜੀ ਉਪਰ ਚੜ੍ਹਦੇ ਹਨ।
ਅਥਵਾ:-ਇਕਨਾਂ ਦੇ ਗਲ ਵਿਚ ਵਾਸ਼ਨਾਂ ਰੂਪ ਜੰਜੀਰਾਂ ਹਨ ਤੇ ਇਕ ਗੁਰਮੁਖ ਪੁਰਸ਼ ਤੁਰੀਆ ਪਦ ਰੂਪੀ ਵੱਡੀ ਘੋੜੀ ਉਪਰ ਚੜ੍ਹਦੇ ਹਨ। ਭਾਵ ਚੌਥੀ ਭੂਮਿਕਾ ਦਾ ਆਨੰਦ ਮਾਣਦੇ ਹਨ।
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
ਆਪ ਹੀ ਜੀਵਾਂ ਨੂੰ ਉਤਪਤ ਕਰਦਾ ਹੈ। ਆਪ ਹੀ ਜੀਵਾਂ ਨੂੰ ਪਰੇਰ ਕੇ ਕਰਮ