

ਕਰਾਉਂਦਾ ਹੈ। ਆਪ ਹੀ ਫਲ ਦੇਂਦਾ ਹੈ ਜਦ ਆਪ ਹੀ ਸਭ ਕੁਝ ਕਰਦਾ ਕਰਾਉਂਦਾ ਹੈ ਤਾਂ ਮੈਂ ਉਸ ਤੋਂ ਛੁਟ ਹੋਰ ਕਿਸ ਦੇ ਅੱਗੇ ਪੁਕਾਰ ਕਰਾਂ। ਭਾਵ ਹੋਰ ਕੋਈ ਭੀ ਨਹੀਂ ਹੈ ਜਿਸ ਦੇ ਅੱਗੇ ਮੈਂ ਫ਼ਰਿਆਦ ਕਰਾਂ।
ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ, ਜਿਸ ਪਰਮੇਸ਼ਰ ਨੇ ਕਰਣਾ=ਪ੍ਰਪੰਚ ਕੀਤਾ ਹੈ, ਮੁੜ ਕੇ ਉਸ ਨੇ ਆਪ ਹੀ ਤਿਸ ਪ੍ਰਪੰਚ ਦੀ ਸਾਰ=ਸੰਭਾਲ ਕਰਨੀ ਹੈ॥ ੨੩॥
ਸਲੋਕੁ ਮਃ ੧ ॥ ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥
ਜਿਸ ਤਰ੍ਹਾਂ ਪ੍ਰਤੱਖ ਘੁਮਿਆਰ ਆਪ ਹੀ ਭਾਂਡਿਆਂ ਨੂੰ ਸਾਜਦਾ ਹੈ, ਫੇਰ ਆਪ ਹੀ ਪੂਰਣੁ=ਵੰਨੀਂ ਦੇਂਦਾ ਅਰਥਾਤ ਰੰਗ ਚਾੜ੍ਹਦਾ ਹੈ।
ਇਕਨੀ ਦੁਧੁ ਸਮਾਈਐ ਇਕਿ ਚੁਲੈ ਰਹਨਿ ਚੜੇ ॥
ਇਕਨਾਂ ਭਾਂਡਿਆਂ ਵਿਚ ਦੁੱਧ ਸਮਾਂਦਾ ਹੈ ਤੇ ਇਕ ਚੁਲ੍ਹੇ ਉਪਰ ਹੀ ਚੜ੍ਹੇ ਰਹਿੰਦੇ ਹਨ। ਇਸੇ ਤਰ੍ਹਾਂ ਪਰਮੇਸ਼ਰ ਰੂਪੀ ਘੁਮਿਆਰ ਆਪ ਹੀ ਸਭ ਜੀਵਾਂ ਦੇ ਸਰੀਰਾਂ ਰੂਪੀ ਭਾਂਡੇ ਸਾਜਦਾ ਹੈ।
ਯਥਾ- ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ॥
(ਸਿਰੀਰਾਗੁ ਮਹਲਾ ੧, ਪੰਨਾ ੬੨)
ਤਥਾ- ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ॥ ੨੨॥
(ਸਿਰੀਰਾਗੁ ਮ: ੧, ਪੰਨਾ ੭੩)
ਅਤੇ ਆਪ ਹੀ ਪੂਰਣੁ=ਵੰਨੀਂ ਅਰਥਾਤ ਰੰਗ ਦੇਂਦਾ ਹੈ। ਕਿਸੀ ਦਾ ਲਾਲ ਰੰਗ, ਕਿਸੀ ਦਾ ਸਿਆਹ ਰੰਗ ਬਣਾਉਂਦਾ ਹੈ।
ਅਥਵਾ:-ਆਪ ਹੀ ਪੂਰਨ ਪਰਮਾਤਮਾ ਖਾਣ ਪਾਣ ਦੇਂਦਾ ਹੈ। ਅਥਵਾ:-ਆਪ ਹੀ ਇਹਨਾਂ ਨੂੰ ਪੂਰਨਤਾਈ ਦੇਂਦਾ ਹੈ।
'ਇਕਨੀ ਦੁਧੁ ਸਮਾਈਐ ਇਕਿ ਚੁਲੈ ਰਹਨਿ ਚੜੇ॥‘
ਇਕਨਾਂ ਦੇ ਅੰਤਹਕਰਣ ਰੂਪੀ ਭਾਂਡਿਆਂ ਵਿਚ ਨਿਸ਼ਕਾਮ ਕਰਮਾਂ ਰੂਪੀ ਦੁੱਧ ਸਮਾਂਵਦਾ ਹੈ ਤੇ ਇਕ ਰਾਗ ਦਵੈਖ ਰੂਪ ਚੁਲ੍ਹਿਆਂ 'ਪਰ ਚੜ੍ਹੇ ਰਹਿੰਦੇ ਹਨ।
ਅਥਵਾ-ਵਿਹਾਰਾਂ ਵਿਚ ਖਪਦੇ ਰਹਿੰਦੇ ਹਨ।
ਇਕਿ ਨਿਹਾਲੀ ਪੈ ਸਵਨਿ ਇਕਿ ਉਪਰਿ ਰਹਨਿ ਖੜੇ॥
ਇਕ ਪੁਰਸ਼ ਨਿਹਾਲੀ=ਤੁਲਾਈਆਂ ਉਪਰ ਸੌਂਦੇ ਹਨ ਤੇ ਇਕ ਪੁਰਸ਼ ਪਹਿਰੇਦਾਰ ਹੋ