

ਕੇ ਉਪਰ ਖੜ੍ਹੇ ਰਹਿੰਦੇ ਹਨ। ਇਹ ਸਭ ਕਰਮਾਂ ਦੇ ਅਨੁਸਾਰ ਹੈ।
ਯਥਾ-ਕਬੀਰ ਜੀ ਨੇ ਕਥਨ ਕੀਤਾ ਹੈ-
ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ॥
ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ॥ ੧॥
ਅਹਿਰਖ ਵਾਦੁ ਨ ਕੀਜੈ ਰੇ ਮਨ॥ ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ॥ ੧॥ ਰਹਾਉ॥
(ਆਸਾ ਕਬੀਰ ਜੀ, ਪੰਨਾ ੪੭੯)
ਅਥਵਾ:- ਇਕ ਪੁਰਸ਼ ਭਗਤੀ ਰੂਪ ਨਿਹਾਲੀ=ਤੁਲਾਈ ਉਪਰ ਸੌਂਦੇ ਹਨ ਤੇ ਇਕ ਕਾਮ ਆਦਿਕਾਂ ਦੇ ਉਪਰ ਖੜੇ ਰਹਿੰਦੇ ਹਨ। ਅਥਵਾ:-ਜੂਨਾਂ ਦੇ ਦੁੱਖ ਸੁਖ ਭੋਗਣ ਉਪਰ ਖੜੇ ਰਹਿੰਦੇ ਹਨ, ਇਹਨਾਂ ਸਾਰਿਆਂ ਵਿਚੋਂ-
ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰਿ ਕਰੇ ॥੧॥
ਤਿਨ੍ਹਾਂ ਦੇ ਅੰਤਹਕਰਣ ਨੂੰ ਸਵਾਰਦਾ ਹੈ ਜਿਨ੍ਹਾਂ ਉਪਰ ਪਰਮੇਸ਼ਰ ਆਪਣੀ ਕ੍ਰਿਪਾ ਦ੍ਰਿਸ਼ਟੀ ਕਰਦਾ ਹੈ॥੧॥
ਮਹਲਾ ੨ ॥ ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥
ਪਰਮਾਤਮਾ ਆਪ ਹੀ ਸੂਖਮ ਤੱਤਾਂ ਨੂੰ ਸਾਜਦਾ ਹੈ, ਆਪ ਹੀ ਅਸਥੂਲ ਤੱਤਾਂ ਨੂੰ ਕਰਦਾ ਹੈ। ਫੇਰ ਆਪ ਹੀ ਚੌਦਾਂ ਲੋਕ, ਅਥਵਾ-ਬ੍ਰਹਮੰਡ ਰੂਪ ਜਗ੍ਹਾ ਨੂੰ ਸਵਾਰ ਰੱਖਦਾ ਹੈ।
ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥
ਉਹਨਾਂ ਚੌਦਾਂ ਲੋਕਾਂ ਵਿਚ ਹੀ ਸਾਰਿਆਂ ਜੀਵਾਂ ਨੂੰ ਉਤਪਤ ਕਰਦਾ ਹੈ। ਇਸ ਸੰਸਾਰ ਬਾਜੀ ਨੂੰ ਆਪ ਹੀ ਥਾਪਿ=ਉਤਪਤ ਕਰਕੇ ਦੇਖੈ=ਪਾਲਦਾ ਅਤੇ ਉਥਾਪਿ=ਲੈਯ ਕਰਦਾ ਹੈ।
ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਉਸ ਤੋਂ ਬਿਨਾਂ ਇਹ ਗੁਣ ਹੋਰ ਕਿਸ ਵਿਚ ਕਥਨ ਕਰੀਏ ਅਰਥਾਤ ਹੋਰ ਕਿਸੇ ਵਿਚ ਨਹੀਂ ਕਥਨ ਕੀਤੇ ਜਾਂਦੇ। ਉਹ ਆਪੇ ਆਪ ਪਰਮੇਸ਼ਰ ਹੀ ਸਭ ਰੂਪ ਹੋ ਰਿਹਾ ਹੈ॥ ੨॥
ਪਉੜੀ॥
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
ਵੱਡੇ ਪਰਮਾਤਮਾ ਦੀਆਂ ਵਡਿਆਈਆਂ ਨੂੰ ਜੇ ਕੁਛ ਕਹੀਏ ਤਾਂ ਮੁਖ ਤੋਂ ਕਥਨ ਨਹੀਂ ਕੀਤੀਆਂ ਜਾਂਦੀਆਂ।