

ਇਸ ਲਈ ਸਾਨੂੰ ਉਹਨਾਂ ਦੀ ਬਾਣੀ ਪਰ ਨੁਕਤਾਚੀਨੀ ਕਰਨ ਦਾ ਕੋਈ ਹੱਕ ਨਹੀਂ ਹੈ। ਜੋ ਕੁਝ ਉਹ ਆਪਣੇ ਮੁਖਾਰਬਿੰਦ ਤੋਂ ਉਚਾਰ ਕੇ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਗਏ ਹਨ ਅਤੇ ਦਸਮ ਰੂਪਤਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੇ ਸਾਹਿਬ ਬੈਠ ਕੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ੴ ਸਤਿ ਨਾਮੁ ਕਰਤਾ ਪੁਰਖੁ ਤੋਂ ਲੈ ਕੇ ਨੌਵੇਂ ਪਾਤਿਸ਼ਾਹ ਜੀ ਦੀ ਬਾਣੀ ਸਮੇਤ 'ਅਠਾਰਹ ਦਸ ਬੀਸ’ ਤਕ ਸੰਪੂਰਨ ਬੀੜ ਭਾਈ ਮਨੀ ਸਿੰਘ ਜੀ ਤੋਂ ਲਿਖਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ-ਗੱਦੀ ਬਖ਼ਸ਼ ਗਏ ਹਨ, ਸਾਨੂੰ ਸਾਰਿਆਂ ਸਿੱਖਾਂ ਨੂੰ ਉਸ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਹੈ।
ਯਥਾ- ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥ ੪॥
(ਰਾਮਕਲੀ ਮਹਲਾ ੧, ਪੰਨਾ ੯੩੫)
ਦਮਦਮੀ ਬੀੜ
ਕਈ ਸੱਜਣ ਆਖਦੇ ਹਨ ਕਿ ਮਾਲਵੇ ਵਿਖੇ ਨਾ ਕੋਈ ਗੁਰੂ ਕਾਂਸ਼ੀ ਦਮਦਮਾ ਸਾਹਿਬ ਹੈ ਅਤੇ ਨਾ ਹੀ ਕੋਈ ਉਸ ਜਗ੍ਹਾ ਬੀੜ ਦਸਮੇਸ਼ ਪਿਤਾ ਜੀ ਨੇ ਉਚਾਰੀ ਹੈ। ਉਨ੍ਹਾਂ ਸੱਜਣਾਂ ਦੀ ਗਿਆਤ ਲਈ ਪੰਥ ਪ੍ਰਕਾਸ਼ ਤੇ ਛੇਵੀਂ ਪਾਤਿਸ਼ਾਹੀ ਜੀ ਦੇ ਗੁਰ ਬਿਲਾਸ ਦਾ ਸਬੂਤ ਪੇਸ਼ ਕਰਦੇ ਹਾਂ।
ਦੋਹਰਾ॥
ਅਨੰਦਪੁਰ ਮੈ ਏਕ ਬਿਰ ਦਸਮ ਗੁਰੂ ਨੇ ਚੇਤ।
ਪੰਚਮ ਗੁਰ ਕੇ ਗ੍ਰੰਥ ਕੋ ਦਰਸਨ ਕਰਨੇ ਹੇਤ॥੧੬॥
ਚੌਪਈ- ਧੀਰ ਮਲ ਕੇ ਥਾ ਸੋ ਪਾਸ। ਮਾਂਗ ਭੇਜਯੋ ਸ੍ਰੀ ਗੁਰੁ ਖਾਸ।
ਤਿਸਨੇ ਤਾਨੇ ਸਾਥ ਜਵਾਬ। ਦੀਨਾ ਅੱਗਯੋਂ ਐਸ ਸ਼ਿਤਾਬ।
ਪੰਥ ਚਲਾਯੋ ਜੈਸੇ ਨਯੋ। ਕਿਉਂ ਨ ਗ੍ਰੰਥ ਉਚਾਰ ਇਹ ਲਯੋ।
ਫੁਰਸਤ ਮਿਲੀ ਨਾਹਿ ਥੀ ਤਬੈ। ਸਾਚ ਕਰਨ ਸੋ ਚਾਹਿਓ ਅਬੈ।
ਅਬ ਦਰਬਾਰ ਦਮਦਮਾਂ ਜਹਾਂ। ਤੰਬੂ ਲਗਵਾਕੈ ਗੁਰ ਤਹਾਂ।
ਮਨੀ ਸਿੰਘ ਕੋ ਲਿਖਣ ਬਠੈਕੈ। ਗੁਰ ਨਾਨਕ ਕਾ ਧਿਆਨ ਧਰੈਕੈ।
ਨਿਤ ਪ੍ਰਤਿ ਗੁਰੂ ਉਚਾਰੀ ਜੈਸੇ। ਬਾਣੀ ਲਿਖੀ ਮਨੀ ਸਿੰਘ ਤੈਸੇ।
ਬੀੜ ਆਦਿ ਗੁਰੂ ਗ੍ਰੰਥੈ ਜੇਹੀ। ਕਰੀ ਦਸਮ ਗੁਰ ਤਿਆਰ *ਉਜੇਹੀ।
ਔਰ ਪਾਠ ਸਭ ਵੈਸੇ ਰਾਖਾ। ਅਖਰ ਭੇਦ ਅਨਿਕ ਠਾਂ ਰਾਖਾ।
ਸੋਊ ਭੇਦ ਸਿਆਣੇ ਸਿਖ ਜਾਨਤ। ਦਸਮ ਗੁਰੂ ਕੀ ਬੀੜ ਬਖਾਨਤ।
--------------------
*ਉਹੋ ਜੇਹੀ।