

ਕੀ ਕਰਤਾਰਪੁਰ ਸਾਹਿਬ ਵਿਖੇ ਭੀ ਪੰਚਮ ਪਾਤਿਸ਼ਾਹ ਜੀ ਵਾਲੀ ਅਸਲੀ ਬੀੜ ਨਹੀਂ ?
ਇਸ ਦਾ ਉੱਤਰ -
ਕਈ ਇਤਿਹਾਸ ਤੋਂ ਅਗਿਆਤ ਸੱਜਣਾਂ ਦਾ ਜੋ ਆਪਣੇ ਆਪ ਨੂੰ ਬਹੁਤੇ ਖੋਜੀ ਮੰਨਦੇ ਹਨ, ਇਹ ਖ਼ਿਆਲ ਹੈ ਕਿ ਕਰਤਾਰਪੁਰ ਸਾਹਿਬ ਵਿਖੇ ਵੀ ਪੰਚਮ ਪਾਤਿਸ਼ਾਹ ਜੀ ਦੀ ਉਚਾਰਨ ਕੀਤੀ ਹੋਈ, ਜਿਸ ਦੇ ਲਿਖਾਰੀ ਭਾਈ ਗੁਰਦਾਸ ਜੀ ਹਨ, ਅਸਲੀ ਬੀੜ ਨਹੀਂ ਹੈ, ਕਿਉਂਕਿ ਨੌਵੇਂ ਪਾਤਿਸ਼ਾਹ ਜੀ ਨੇ ਉਹ ਤਾਂ ਜਲ ਪ੍ਰਵਾਹ ਕਰ ਦਿੱਤੀ ਸੀ।
ਉਹਨਾਂ ਦੀ ਸੇਵਾ ਵਿਖੇ ਇਹ ਬੇਨਤੀ ਹੈ ਕਿ ਜੇ ਨਾ ਦਮਦਮੇ ਸਾਹਿਬ ਵਾਲੀ ਕੋਈ ਬੀੜ ਹੈ ਤੇ ਨਾ ਹੀ ਪੰਚਮ ਪਾਤਿਸ਼ਾਹ ਜੀ ਵਾਲਾ ਅਸਲੀ ਸਰੂਪ ਹੈ ਤਾਂ ਫੇਰ ਦਸਮ ਪਾਤਿਸ਼ਾਹ ਜੀ ਨੇ ਗੁਰਤਾ-ਗੱਦੀ ਕਿਸ ਨੂੰ ਦਿੱਤੀ ? ਅਤੇ ਆਪ ਕਿਸ ਨੂੰ ਗੁਰੂ ਮੰਨਦੇ ਹੋ ? ਕੀ ਰੋਜ਼ਾਨਾ ਅਰਦਾਸੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਖ਼ਤ ਚਵਰ ਦੇ ਮਾਲਕ ਕਹਿਣਾ ਲੋਕਾਂ ਨੂੰ ਸੁਣਾਉਣ ਵਾਸਤੇ ਹੀ ਹੈ? ਤੁਹਾਡੀ ਦਿਲੋਂ ਗੁਰੂ ਮੰਨਣ ਵਿਚ ਕੋਈ ਸ਼ਰਧਾ ਨਹੀਂ ? ਅਤੇ ਨੌਵੇਂ ਪਾਤਿਸ਼ਾਹ ਜੀ ਨੇ ਪੰਚਮ ਪਾਤਿਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬੀੜ ਨੂੰ ਬਕਾਲੇ ਤੋਂ ਕੀਰਤਪੁਰ ਜਾਣ ਸਮੇਂ ਬਿਆਸਾ ਨਦੀ ਨੂੰ ਸੌਂਪ ਕੇ ਇਹ ਆਖਿਆ ਸੀ ਕਿ ਇਹ ਸਾਡੀ ਅਮਾਨਤ ਤੇਰੇ ਪਾਸ ਹੈ, ਧੀਰ ਮਲ ਨੂੰ ਦੇ ਦੇਣੀ। ਜੋ ਮਹਾਂ ਕਵੀ ਸੰਤੋਖ ਸਿੰਘ ਜੀ ਨੇ ਰਾਸ ੧੧ ਧਿਆਇ ੨੪ ਵਿਖੇ ਲਿਖਿਆ ਹੈ -
ਯਥਾ- ਮੰਜੀ ਕੇ ਸਮੇਤ ਜਲ ਮਾਹਿ। ਕਹਿ ਕਰ ਭਲੇ ਰਖਾਇਓ ਤਾਹਿ॥
ਭਲੇ ਸੰਭਾਲਹੁ ਭੋ ਦਰੀਆਏ। ਤੁਝ ਤੇ ਲੇ ਧੀਰਮਲ ਆਇ॥ ੩੫॥
ਅਤੇ ਇਕ ਕਰਤਾਰਪੁਰ ਨੂੰ ਜਾਣ ਵਾਲੇ ਮੁਸਾਫ਼ਰ ਦੇ ਤਾਈਂ ਇਹ ਕਿਹਾ ਕਿ ਸਾਡੇ ਵਲੋਂ ਧੀਰਮਲ ਨੂੰ ਕਹਿ ਦੇਣ ਕਿ ਪਾਵਨ ਬੀੜ ਨੂੰ ਇਸ ਜਗ੍ਹਾ ਤੋਂ ਆ ਕੇ ਲੈ ਜਾਵੇ।
ਇਕ ਨਰ ਸ੍ਰੀ ਕਰਤਾਰਪੁਰੇ ਕੋ। ਉਤਰਯੋ ਗੁਰ ਕੇ ਸੰਗ ਉਰੇ ਕੋ।
ਬੂਝਨ ਕੀਨੋ ਤਾਹਿ ਬਖਾਨਾ। ਮੈਂ ਤਿਸ ਨਗਰ ਬਿਖੈ ਚਲਿ ਜਾਨਾ। ੩੧॥
ਸਤਿਗੁਰ ਕਹਯੋ ਕਾਜ ਹਮ ਕੀਜੈ। ਏਕ ਸੰਦੇਸ ਧੀਰਮਲ ਦੀਜੈ।
ਗੁਰੂ ਗ੍ਰੰਥ ਜੋ ਤੁਮਤੇ ਲਿਯੋ। ਸੋ ਦਰਿਆਉ ਬਿਖੇ ਧਰਿ ਦਯੋ। ੩੨।
ਆਪ ਜਾਇ ਕਰ ਲੇਉ ਨਿਕਾਸ। ਪੁਨ ਸਦੀਵ ਤੁਮ ਰਾਖਹੁ ਪਾਸ।
ਹਾਥ ਜੋਰ ਤਿਹ ਮਾਨਵ ਮਾਨੀ। ਮੈਂ ਪਹੁੰਚਤ ਹੀ ਕਰੋ ਬਖਾਨੀ। ੩੪।
ਉਸ ਪੁਰਸ਼ ਨੂੰ ਇਸ ਪ੍ਰਕਾਰ ਦਾ ਸੰਦੇਸਾ ਦੇ ਕੇ ਸਤਿਗੁਰੂ ਜੀ ਅੱਗੇ ਨੂੰ ਚਲ ਪਏ। ਨਾਲ ਦੇ ਕਈ ਕੁ ਸਾਥੀ ਇਸ ਕੌਤਕ ਨੂੰ ਦੇਖ ਕੇ ਹੈਰਾਨ ਹੋਏ ਸੋਚਦੇ ਹਨ ਕਿ ਗੁਰੂ ਜੀ ਨੇ ਇਹ ਕੀ ਕੀਤਾ। ਜਲ ਵਿਚ ਕਿਵੇਂ ਪੱਤਰੇ ਤੇ ਅੱਖਰ ਸਾਬਤ ਰਹਿ ਸਕਦੇ ਹਨ ?