

ਯਥਾ- ਇਤਿਆਦਿਕ ਆਪਸ ਮਹਿ ਕਹੈ। ਗੁਰ ਮਹਿਮਾ ਕਉ ਭੇਦ ਨ ਲਹੈ।
ਪਰ ਇਹ ਨਹੀਂ ਜਾਣਦੇ ਕਿ -
ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ॥ ਸਤਿਗੁਰੁ ਮੇਰਾ ਮਾਰਿ ਜੀਵਾਲੈ॥
(ਭੈਰਉ ਮਹਲਾ ੫, ਪੰਨਾ ੧੧੪੨)
ਵਾ :- ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥ ਵਾ- ਮਿਰਤਕ ਕਉ ਪਾਇਓ ਤਨ ਸਾਸਾ॥
ਏਧਰੋਂ ਉਹ ਪੁਰਸ਼ ਬੜੀ ਛੇਤੀ ਕਰਤਾਰਪੁਰ ਪਹੁੰਚ ਕੇ ਧੀਰਮਲ ਦੇ ਘਰ ਗਿਆ। ਨਮਸ਼ਕਾਰ ਕਰ ਕੇ ਅੱਖੀਂ ਦੇਖੀ ਸਾਰੀ ਗੱਲ ਦੱਸੀ ਕਿ ਸਤਿਗੁਰਾਂ ਨੇ ਮੈਨੂੰ ਸੰਦੇਸਾ ਦਿੱਤਾ ਹੈ ਕਿ ਤੁਸੀਂ ਪਾਵਨ ਬੀੜ ਨੂੰ ਜੋ ਬਿਆਸਾ ਦਰਿਆ ਪਾਸ ਅਮਾਨਤ ਰੱਖੀ ਹੈ ਆ ਕੇ ਲੈ ਜਾਓ।
ਯਥਾ- ਧੀਰ ਮੱਲ ਕੇ ਸਦਨ ਸਿਧਾਯੋ। ਗੁਰੁ ਜਾਨਿ ਤਿਹ ਸੀਸ ਨਿਵਾਯੋ॥ ੫॥
ਹਾਥ ਜੋਰਿ ਸਭ ਕਥਾ ਉਚਾਰੀ। ਮੈ ਆਵਤਿ ਇਤ ਯਥਾ ਨਿਹਾਰੀ।
ਸਤਿਗੁਰ ਤੇਗ ਬਹਾਦਰ ਧੀਰ। ਦੇਖੇ ਨਦੀ ਬਿਪਾਸਾ ਤੀਰ॥ ੬॥
ਮੈ ਸੰਗ ਕਹਯੋ ਤਹਾਂ ਤੂੰ ਜਾਤਿ। ਤਿਨ ਸੋਂ ਕਹਿ ਦੀਜੈ ਇਹ ਬਾਤ।
ਸੌਂਪਯੋ ਗ੍ਰੰਥ ਬੀਚ ਦਰੀਆਉ। ਆਉ ਨਿਕਾਸ ਪਾਸ ਲੇ ਜਾਉ॥ ੮॥
ਇਹ ਗੱਲ ਸੁਣ ਕੇ ਧੀਰਮਲ ਪ੍ਰਸੰਨ ਵੀ ਬੜਾ ਹੋਇਆ ਅਤੇ ਉਦਾਸ ਵੀ, ਕਿਉਂਕਿ ਉਸ ਦੇ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਵਿਚ ਲੈ ਆਇਆ ਸੀ ਉਹ ਵਾਪਸੀ ਹੋਈ ਜਾਣ ਕੇ ਪ੍ਰਸੰਨਤਾ ਵੀ ਹੋਈ ਅਤੇ ਜਲ ਵਿਚੋਂ ਪੱਤਰੇ ਤੇ ਅੱਖਰ ਸਹੀ ਰੂਪ ਵਿਚ ਕਿਵੇਂ ਮਿਲ ਸਕਦੇ ਹਨ ? ਇਸ ਕਰਕੇ ਉਦਾਸ ਵੀ ਹੁੰਦਾ ਹੈ।
ਬਿਨਾ ਗ੍ਰੰਥ ਝੂਰਤਿ ਮਲ ਧੀਰ। ਚਿਤ ਮਹਿ ਪੀਰ ਗਹੀਰ ਅਧੀਰ।
ਸੁਣਤਿ ਬਾਤ ਕੋ ਹਰਖ ਉਪਾਯੋ। ਜਾਨਯੋ ਰਿਦੈ ਮੋਹਿ ਢਿਗ ਆਯੋ। ੧੦।
ਬੂਝਨਿ ਲਗਯੋ ਨੀਰ ਮਹਿ ਕੈਸੇ। ਰਹੇ ਸਬੂਤ ਸੁ ਪੂਰਬ ਜੈਸੇ।
ਕਾਗਤ ਭੀਗ ਜਾਹਿ ਗੁਰ ਸੋਈ। ਲੇਹਿ ਨਿਕਾਸ ਕਾਜ ਕਯਾ ਹੋਈ। ੧੧।
ਇਸ ਤਰ੍ਹਾਂ ਵਿਚਾਰਦਾ ਹੋਇਆ ਧੀਰ ਮਲ ਆਪਣੇ ਸ਼ੀਹੇਂ ਮਸੰਦ ਨੂੰ ਕਹਿਣ ਲੱਗਾ ਹੁਣ ਕਿਵੇਂ ਕਰਨਾ ਚਾਹੀਦਾ ਹੈ ? ਤਾਂ ਉਸ ਨੇ ਅੱਗੋਂ ਖੋਟੀ ਸਿਖਿਆ ਦਿੱਤੀ ਕਿ ਤੁਹਾਡੇ ਤਾਈਂ ਮਖੌਲ ਕੀਤਾ ਹੈ। ਭਲਾ ਕਦੇ ਕਾਗਜ਼ ਵੀ ਪਾਣੀ ਵਿਚ ਸਾਬਤ ਰਹਿ ਸਕਦਾ ਹੈ ?
ਪੁਨ ਤੁਮ ਸੰਗ ਹਾਸ ਕਰਿ ਭੇਜਾ। ਸਲਿਤਾ ਤੇ ਨਿਕਾਸ ਕਰਿ ਲੇ ਜਾ।
ਬਡੋ ਕਾਜ ਤਿਨ ਦੀਨਿ ਬਿਗਾਰੀ। ਅਬ ਕੈਸੇ ਕੋ ਸਕਹਿ ਸੁਧਾਰੀ। ੧੪।
ਤਾਂ ਅਗੋਂ ਧੀਰਮਲ ਬੋਲਿਆ ਕਿ ਨੌਵੇਂ ਪਾਤਿਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਦੇ ਵੀ ਝੂਠਾ ਬਚਨ ਨਹੀਂ ਕਹਿੰਦੇ, ਨਾ ਹਾਸੀ ਹੀ ਕਰਦੇ ਹਨ। ਤਾਂਤੇ ਛੇਤੀ ਚੱਲ ਕੇ ਬਿਆਸ ਦਰਿਆ ਵਿਚ ਵੇਖਣਾ ਕਰੀਏ।