

ਪੰਜਵੀਂ ਧੁਨ
(ਗੁਰੂ ਜੀ ਨੇ ਪੰਨਾ ੫੮੫ ਪਰ ਲਿਖੀ ਹੈ)
ਵਡਹੰਸ ਕੀ ਵਾਰ ਮਹਲਾ ੪
ਲਲਾਂ ਬਹਲੀਮਾ ਕੀ ਧੁਨਿ ਗਾਵਣੀ
ੴ ਸਤਿਗੁਰ ਪ੍ਰਸਾਦਿ ॥
'ਲਲਾ' ਅਤੇ 'ਬਹਲੀਮਾ' ਦੋਨੋਂ ਪੜੋਸੀ ਰਾਜਾ ਸਨ। ਲਲਾ ਦਾ ਇਲਾਕਾ ਖ਼ੁਸ਼ਕ ਅਰ ਬਹਲੀਮਾ ਦਾ ਸਰਸਬਜ਼ ਸੀ।
ਇਕ ਮੌਕੇ ਬਰਸਾਤ ਘਟ ਹੋਣ ਕਰਕੇ ਲਲਾ ਨੇ ਬਹਲੀਮਾ ਪਾਸੋਂ ਨਿਤ ਵਹਿਣ ਵਾਲੀ ਕੂਲ ਦਾ ਪਾਣੀ ਮੰਗਿਆ ਅਰ ਪੈਦਾਵਾਰ ਵਿਚੋਂ ਛੇਵਾਂ ਹਿੱਸਾ ਦੇਣਾ ਮਨਜ਼ੂਰ ਕੀਤਾ ਪਰ ਫਸਲ ਤਿਆਰ ਹੋਣ ਪਰ ਲਲਾ ਰਾਜਾ ਆਪਣੇ ਕੀਤੇ ਹੋਏ ਬਚਨਾਂ ਤੋਂ ਫਿਰ ਗਿਆ। ਆਪਣੇ ਕੀਤੇ ਇਕਰਾਰ ਮੂਜਬ ਬਹਲੀਮੇ ਨੂੰ ਕੁਝ ਨਾ ਦਿੱਤਾ। ਜਿਸ ਤੇ ਆਪਸ ਵਿਚ ਦੋਹਾਂ ਦੀ ਤਕੜੀ ਲੜਾਈ ਹੋ ਗਈ। ਅੰਤ ਨੂੰ ਲਲਾ ਹਾਰ ਗਿਆ। ਬਹਲੀਮੇ ਨੇ ਉਸ ਨੂੰ ਕੈਦ ਵਿਚ ਬੰਦ ਕਰ ਦਿੱਤਾ। ਆਪਣਾ ਛੇਵਾਂ ਹਿੱਸਾ ਵਸੂਲ ਕਰਕੇ ਮਗਰੋਂ ਉਸ ਨੂੰ ਛੱਡ ਦਿੱਤਾ ਤੇ ਉਸ ਦਾ ਰਾਜ ਉਸੇ ਦੇ ਹਵਾਲੇ ਕਰ ਦਿੱਤਾ। ਤਿਸ ਪਰ ਢਾਡੀਆਂ ਨੇ ਵਾਰ ਬਣਾ ਕੇ ਗਾਇਣ ਕੀਤੀ ਹੈ -
ਕਾਲ ਲਲਾ ਦੇ ਦੇਸ ਦਾ ਖੋਇਆ ਬਹਲੀਮਾ।
ਹਿੱਸਾ ਛਠਾ ਮਨਾਇਕੈ ਜਲ ਨਹਿਰ ਦੀਮਾ।
ਫਿਰਾਹੂ ਨ ਹੋਇ ਲਲਾ ਨੇ ਰਣਮੰਡਿਆ ਧੀਮਾ।
ਭੇੜ ਦੁਹੂੰ ਦਿਸ ਮਚਿਆ ਸਟ ਪਈ ਅਜੀਮਾ।
ਸਿਰਧੜ ਡਿਗੇ ਖੇਤ ਵਿਚ ਜਿਉਂ ਵਾਹਣ ਢੀਮਾ।
ਮਾਰ ਲਲਾ ਬਹਲੀਮ ਨੇ ਰਣ ਮੇਂ ਧਰਸੀਮਾ।
ਇਸ ਛੇ ਤੁਕੀ ਪਉੜੀ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵਡਹੰਸ ਦੀ ਵਾਰ ਦੀ ਪਉੜੀ ਗਾਇਣ ਕਰਨ ਦਾ ਹੁਕਮ ਦਿੱਤਾ ਹੈ।
ਯਥਾ- ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ॥