

ਛੇਵੀਂ ਧੁਨ
(ਗੁਰੂ ਜੀ ਨੇ ਪੰਨਾ ੯੪੭ ਪਰ ਲਿਖੀ ਹੈ)
ੴ ਸਤਿਗੁਰ ਪ੍ਰਸਾਦਿ॥
ਰਾਮਕਲੀ ਕੀ ਵਾਰ ਮਹਲਾ ੩ ॥
ਜੋਧੈ ਵੀਰੈ ਪੂਰਬਾਣੀ ਕੀ ਧੁਨੀ
'ਜੋਧਾ’ ਤੇ ਵੀਰੈ ਦੋਨੋਂ ਸਕੇ ਭਰਾ ਸਨ, ਰਾਜਪੂਤ ਪੂਰਬਾਣੀ ਦੇ ਪੁੱਤਰ ਸੀ। ਲੱਖੀ ਜੰਗਲ ਦੇ ਮਸ਼ਹੂਰ ਧਾੜਵੀ ਸਨ। ਕਿਸੇ ਦੀ ਈਨ ਨਹੀਂ ਮੰਨਦੇ ਸਨ। ਬੜੇ ਬੜੇ ਅਮੀਰ ਸਰਦਾਰ ਜਿਸ ਵੇਲੇ ਅਕਬਰ ਬਾਦਸ਼ਾਹ ਪਾਸ ਡਾਲੀਆਂ ਲੈ ਕੇ ਆਉਂਦੇ ਸਨ ਉਸ ਵੇਲੇ ਰਾਹ ਵਿਚ ਇਹ ਦੋਨੋਂ ਭਾਈ ਲੁਟ ਲੈਂਦੇ ਸਨ। ਕਈ ਵਾਰੀ ਇਨ੍ਹਾਂ ਸ਼ਾਹੀ ਖ਼ਜ਼ਾਨੇ ਨੂੰ ਵੀ ਲੁਟਿਆ। ਤਾਂ ਅਕਬਰ ਬਾਦਸ਼ਾਹ ਪਾਸ ਆ ਕੇ ਲੋਕਾਂ ਨੇ ਫ਼ਰਿਆਦ ਕੀਤੀ ਕਿ ਰਾਹ ਵਿਚ ਦੋ ਧਾੜਵੀ ਐਸੇ ਹਨ ਜੋ ਅਸੀਂ ਆਪ ਵਾਸਤੇ ਡਾਲੀਆਂ ਲਿਆਉਂਦੇ ਹਾਂ ਤਾਂ ਉਹ ਜ਼ਬਰਦਸਤੀ ਖੋਹ ਲੈਂਦੇ ਹਨ।
ਇਹ ਗੱਲ ਸੁਣ ਕੇ ਬਾਦਸ਼ਾਹ ਨੇ ਬੰਦੋਬਸਤ ਕਰਨ ਲਈ ਆਪਣੀ ਫ਼ੌਜ ਭੇਜੀ। ਤਿਸ ਵੇਲੇ ਦੋਨੋਂ ਭਰਾ ਸ਼ਾਹੀ ਫ਼ੌਜ ਨਾਲ ਚੰਗਾ ਮੁਕਾਬਲਾ ਕਰ ਕੇ ਅਖ਼ੀਰ ਨੂੰ ਮਰ ਗਏ। ਭੱਟਾਂ ਨੇ ਇਹਨਾਂ ਦੀ ਵਾਰ ਸੁਣਾਈ-
ਜੋਧ ਵੀਰ ਪੂਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ।
ਫੌਜ ਚੜ੍ਹਾਈ ਬਾਦਸ਼ਾਹ ਅਕਬਰ ਰਣ ਭਾਰੀਆਂ।
ਸਨਮੁਖ ਹੋਏ ਰਾਜਪੂਤ ਸ਼ੁਤਰੀ ਰਣਕਾਰੀਆਂ।
ਧੂਹ ਮਿਆਨੋਂ ਕੱਢੀਆਂ ਬਿੱਜੁਲ ਚਮਕਾਰੀਆਂ।
ਇੰਦਰ ਸਣੇ ਅਪੱਛਰਾਂ ਮਿਲ ਕਰਨ ਜੁਹਾਰੀਆਂ।
ਏਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ।
ਇਸ ਛੇ ਤੁਕੀ ਪਉੜੀ ਨਾਲ ਰਾਮਕਲੀ ਦੀ ਵਾਰ ਦੀ ਛੇ ਤੁਕੀ ਪਉੜੀ ਗਾਇਣ ਕਰਨ ਦਾ ਹੁਕਮ ਸਤਿਗੁਰਾਂ ਨੇ ਦਿੱਤਾ ਹੈ।
ਯਥਾ- ਸਚੈ ਤਖਤੁ ਰਚਾਇਆ ਬੈਸਣ ਕਉ ਜਾਈ॥
ਨੋਟ - ਇਸ ਰਾਮਕਲੀ ਵਾਰ ਦੀ ਪਹਿਲੀ ਪਉੜੀ ਦੀ ਛੇਵੀਂ ਤੁਕ-
‘ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥‘