Back ArrowLogo
Info
Profile

{ਪੰਨਾ ੪੪੮}

ੴ ਸਤਿਗੁਰ ਪ੍ਰਸਾਦਿ ॥

ਆਸਾ ਮਹਲਾ ੪ ਛੰਤ ਘਰੁ ੪ ॥

ਸਿੱਖਾਂ ਨੇ ਬੇਨਤੀ ਕੀਤੀ, 'ਸ੍ਰੀ ਆਸਾ ਜੀ ਦੀ ਵਾਰ' ਦਾ ਕੀਰਤਨ ਕਰਨ ਦਾ ਹੁਕਮ ਕਿਥੋਂ ਚਲਿਆ ਹੈ ? ਗੁਰੂ ਜੀ ਨੇ ਕਿਹਾ-ਅੰਮ੍ਰਿਤ ਵੇਲੇ 'ਸ੍ਰੀ ਆਸਾ ਜੀ ਦੀ ਵਾਰ’ ਗਾਉਣ ਦਾ ਹੁਕਮ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਚਲਿਆ ਆ ਰਿਹਾ ਹੈ, ਇਸ ਲਈ ਰਬਾਬੀ ਲੋਕ ਅੰਮ੍ਰਿਤ ਵੇਲੇ ਆ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਨ।

ਸਿੱਖਾਂ ਨੇ ਇਹ ਗੱਲ ਸੁਣ ਕੇ ਕਿਹਾ-ਰਬਾਬੀ ਜਿਸ ਵੇਲੇ 'ਸ੍ਰੀ ਆਸਾ ਜੀ ਦੀ ਵਾਰ’ ਗਾਉਂਦੇ ਹਨ, ਤਾਂ ਸਲੋਕਾਂ ਦੇ ਨਾਲ ਸ਼ਬਦ ਆਪੋ ਆਪਣੀ ਮਰਜ਼ੀ ਅਨੁਸਾਰ ਪੜ੍ਹਦੇ ਹਨ, ਆਪ ਕੋਈ ਅਜਿਹੀ ਬਾਣੀ ਰਚੋ, ਜੋ ਹਰ-ਇਕ ਸਲੋਕ ਤੋਂ ਪਹਿਲਾਂ ਓਹੀ ਬਾਣੀ ਪੜ੍ਹੀ ਜਾਵੇ।

(ਸਿੱਖਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਆਸਾ ਜੀ ਦੀ ਵਾਰ ਦੇ ਚਵੀ ਸਲੋਕਾਂ ਦੇ ਅਨੁਸਾਰ ਛੇ ਛੰਤ ਉਚਾਰ ਕੇ ਚਵੀ ਛੱਕੇ ਬਣਾ ਦਿੱਤੇ ਤੇ ਸਭ ਰਬਾਬੀਆਂ, ਰਾਗੀਆਂ ਨੂੰ ਹੁਕਮ ਦਿੱਤਾ ਕਿ 'ਹਰ ਸਲੋਕ ਤੋਂ ਪਹਿਲਾਂ ਇਹਨਾਂ ਛੰਤਾਂ ਦੀ ਇਕ ਇਕ ਪਉੜੀ ਪਹਿਲੇ ਗਾਉਣੀ।

ਫਿਰ ਸਿੱਖਾਂ ਨੇ ਕਿਹਾ-ਪਰਮਾਤਮਾ ਦੇ ਭਗਤੀ ਰੂਪੀ ਗਾੜ੍ਹੇ ਰੰਗ ਵਿਚ ਆਪ ਜੀ ਦਾ ਮਨ ਕਿਵੇਂ ਰੰਗਿਆ ਗਿਆ ਹੈ ? ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ-

ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥

ਜਿਸ ਵੇਲੇ ਰਾਮ ਰਾਜੇ ਦੇ ਪ੍ਰੇਮ ਵਿਚ ਮਨ ਰਤੰਨਾ=ਰੰਗਿਆ ਗਿਆ, ਤਾਂ ਅੰਮ੍ਰਿਤ ਰੂਪ ਹਰੀ ਵਿਖੇ ਮੇਰੇ ਲੋਇਣਾ=ਨੇਤ੍ਰ ਭਿੰਨੇ=ਭਿੱਜ ਗਏ।

ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ॥

ਜਿਸ ਵੇਲੇ ਮਨ ਨੂੰ ਰਾਮ ਦੀ ਭਗਤੀ ਰੂਪ੧ 'ਕਸੌਟੀ ਉੱਤੇ ਲਗਾਇਆ, ਤਾਂ ਕੰਚਨੁ = ਸੋਨੇ ਵਾਂਗ ਸੋਵਿੰਨਾ=ਸੁੰਦਰ ਰੰਗ ਵਾਲਾ ਹੋ ਗਿਆ।

ਅਥਵਾ:- ਕੰਚਨੁ-ਸੋਵਿੰਨਾ= ਬਾਰਾਂ ਵੰਨੀਆਂ ਦੇ ਸੋਨੇ ਵਾਂਗ ਸ਼ੁਧ ਹੋ ਗਿਆ, ਅਰਥਾਤ ਦਸ ਇੰਦ੍ਰੀਏ ਤੇ ਮਨ ਬੁੱਧੀ, ਵਿਕਾਰ ਰੂਪ ਵਿਸ਼ਿਆਂ ਤੋਂ ਰਹਿਤ ਹੋ ਕੇ ਸ਼ੁਧ ਹੋ ਗਏ।

-------------------------

੧ਕਸੌਟੀ:-ਇਕ ਤਰ੍ਹਾਂ ਦੇ ਪੱਥਰ ਦਾ ਟੁਕੜਾ ਹੁੰਦਾ ਹੈ, ਜਿਸ ਤੇ ਸੋਨੇ ਨੂੰ ਘਸਾ ਕੇ ਪਰਖਦੇ ਹਨ।

223 / 355
Previous
Next