

ਤਥਾ- ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ॥
ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ॥ ੧॥
(ਬਿਲਾਵਲੁ ਮਹਲਾ ੪, ਪੰਨਾ ੮੩੫)
ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ॥
ਮਰਿ ਜੀਵੈ=ਮਰਜੀਵੜੇ ਜੋ ਮਹਾਤਮਾ ਹਨ, *ਉਹਨਾਂ ਦੁਆਰੇ ਜੋ ਆਦਮੀ ਜੀਵਤ ਭਾ ਤੋਂ ਮਰਦਾ ਹੈ, ਉਹ ਜੀਉਂਦਾ ਹੀ ਮੁਕਤ ਰੂਪ ਆਖੀਦਾ ਹੈ।
ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨ ॥
ਗੁਰੂ ਸਾਹਿਬ ਜੀ ਆਖਦੇ ਹਨ- ਇੰਝ ਬੇਨਤੀ ਕਰੋ-ਹੇ ਹਰੀ! ਮੈਂ ਸੇਵਕ ਜਨ ਨੂੰ ਪੂਰੇ ਸਤਿਗੁਰੂ ਨਾਲ ਮੇਲਣਾ ਕਰ ਜਿਸ ਕਰਕੇ ਦੁਤਰੁ=ਕਠਨ ਸੰਸਾਰ ਤੋਂ ਤਰ ਜਾਵਾਂ ॥੨॥
ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥
ਹੇ ਸਾਰਿਆਂ ਵਿਚ ਰੰਗੇ ਹੋਏ ਰਾਮ ਰਾਜੇ! ਅਸੀਂ ਮੂਰਖ ਮੁਗਧ ਆਪ ਦੀ ਸ਼ਰਨ ਵਿਚ ਪ੍ਰਾਪਤ ਹੋਏ ਹਾਂ। ਹੇ ਗੋਵਿੰਦ ! ਤੂੰ ਸਾਨੂੰ ਮਿਲਣਾ ਕਰ।
'ਮੂਰਖ' ਤੇ 'ਮੁਗਧ’ ਦੋ ਸ਼ਬਦ ਹਨ-
ਮੂਰਖ ਉਸ ਨੂੰ ਆਖਦੇ ਹਨ, ਜੋ ਵਿਹਾਰਕ ਗਿਆਤ ਤੋਂ ਰਹਿਤ ਹੈ।
ਮੁਗਧ ਉਸ ਨੂੰ ਆਖਦੇ ਹਨ, ਜੋ ਪਰਮਾਰਥ ਗਿਆਤ ਤੋਂ ਰਹਿਤ ਹੈ।
ਅਥਵਾ:- ਮੂਰਖ ਉਸ ਨੂੰ ਆਖਦੇ ਹਨ, ਜਿਸ ਨੂੰ ਪਹਿਲੇ ਸਮਝ ਨਾ ਹੋਵੇ ਤੇ ਫਿਰ ਸਮਝਾਇਆਂ ਸਮਝ ਜਾਵੇ।
ਮੁਗਧ ਉਸ ਨੂੰ ਆਖਦੇ ਹਨ, ਜੋ ਸਮਝਾਇਆ ਭੀ ਨਾ ਸਮਝੇ ਤੇ ਸਗੋਂ ਸਮਝਾਉਣ ਵਾਲੇ ਮਹਾਤਮਾ ਉੱਪਰ ਕੁਤਰਕਾਂ ਕਰੇ ਕਿ ਤੁਹਾਡੀ ਪੂਛ ਫੜ ਕੇ ਪਾਰ ਹੋ ਜਾਵਾਂਗੇ।
ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ॥
-------------------
* ਸਮੁੰਦਰ ਵਿਚੋਂ ਹੀਰੇ ਮੋਤੀ ਰਤਨਾਂ ਦੇ ਕੱਢਣ ਲਈ ਟੁਬੀ ਮਾਰਨ ਵਾਲਾ, ਜੋ ਮੁਰਦੇ ਤੁਲ ਹੋ ਕੇ ਜੀਵਨ ਦਸ਼ਾ ਵਿਚ ਆਉਂਦਾ ਹੈ, ਉਸ ਨੂੰ 'ਮਰਜੀਵੜਾ’ ਆਖਦੇ ਹਨ। ਮਰਹਟੇ ਲੋਕ ਉਸ ਨੂੰ 'ਪਾਣ ਬੂੜਾ’ ਆਖਦੇ ਹਨ ਪਾਣੀ ਵਿਚ ਡੁੱਬਣ ਵਾਲਾ। ਐਸੇ ਦੇਹ ਅਭਿਮਾਨ ਨੂੰ ਤਿਆਗ ਕੇ ਆਤਮ ਜੀਵਨ ਪ੍ਰਾਪਤ ਕਰਨ ਵਾਲਾ ਜੋ ਮਹਾਤਮਾ ਹੈ, ਉਹ ਮਰਜੀਵੜਾ ਹੈ।
ਅਥਵਾ:- ਜਿਸ ਪਰਮੇਸ਼ਰ ਦੀ ਤਰਫ਼ੋਂ ਮਰਿਆ ਹੋਇਆ ਹੈ, ਉਸ ਵੱਲ ਜੋ ਜੀਵਿਆ ਹੈ ਅਤੇ ਜਿਸ ਸੰਸਾਰ ਵੱਲ ਜੀਉਂਦਾ ਹੈ, ਉਸ ਤਰਫੋਂ ਜੋ ਮਰਿਆ ਹੈ, ਉਹ ਪੁਰਸ਼ ਜੀਵਨ ਮੁਕਤ ਆਖੀਦਾ ਹੈ।