

ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ॥
ਕਿਛੁ=ਰੰਚਕ ਮਾਤ੍ਰ ਵੀ ਕਿਸੇ ਆਦਮੀ ਦੇ ਹਾਥਿ=ਅਧੀਨ ਕੁਝ ਵੀ ਨਹੀਂ ਹੈ। ਹੇ ਪਰਮਾਤਮਾ! ਆਪ ਦੇ ਚਲਾਏ ਹੋਏ ਸਾਰੇ ਜੀਵ ਚੱਲ ਰਹੇ ਹਨ।
ਯਥਾ:- ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ॥
ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ॥ ੩॥
(ਗਉੜੀ ਮ: ੫, ਪੰਨਾ ੨੦੬)
ਤਥਾ- ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥੩੩॥
(ਜਪੁਜੀ, ਪੰਨਾ ੭)
ਜਿਨ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥
ਹੇ ਪਿਆਰੇ ਵਾਹਿਗੁਰੂ ! ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮੇਲਦਾ ਹੈਂ, ਉਹੋ ਆਪ ਜੀ ਦੇ ਨਾਲ ਮਿਲਦੇ ਹਨ। ਹੇ ਹਰੀ ! ਜੋ ਤੁਹਾਡੇ ਮਨ ਨੂੰ ਭਾਏ=ਚੰਗੇ ਲਗੇ ਹਨ।
ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥
ਹੇ ਹਰੀ! ਆਪ ਜੀ ਦੀ ਕ੍ਰਿਪਾ ਨਾਲ ਜਿਨ੍ਹਾਂ ਪੁਰਸ਼ਾਂ ਨੂੰ ਸਤਿਗੁਰੂ ਭੇਟਿਆ=ਮਿਲੇ ਹਨ, ਉਹਨਾਂ ਨੂੰ ਨਾਮ ਜਪਾ ਕੇ ਸੰਸਾਰ-ਸਮੁੰਦਰ ਤੋਂ ਤਾਰ ਦਿੱਤਾ ਹੈ॥ ੩॥
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ
ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
ਕੋਈ ਰਾਗਾਂ ਦੁਆਰਾ, ਕੋਈ ਨਾਦੀ=ਵਾਜਿਆਂ ਦੁਆਰਾ, ਕੋਈ ਬੇਦੀ=ਵੇਦਾਂ ਦੁਆਰਾ ਬਹੁਤ ਹੀ ਪ੍ਰਕਾਰ ਨਾਲ ਹਰੀ ਜਸ ਨੂੰ ਗਾਉਂਦਾ ਹੈ, ਪਰੰਤੂ, ਇਸ ਤਰ੍ਹਾਂ ਕਰਨ ਨਾਲ ਹਰੀ ਰਾਮ ਰਾਜਾ ਭੀਜੈ=ਪ੍ਰਸੰਨ ਨਹੀਂ ਹੁੰਦਾ।
ਯਥਾ- ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ॥
ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ॥
(ਧਨਾਸਰੀ ਮ: ੫, ਪੰਨਾ ੬੭੪)
ਤਥਾ- ਨ ਭੀਜੈ ਰਾਗੀ ਨਾਦੀ ਬੇਦਿ॥ ਨ ਭੀਜੈ ਸੁਰਤੀ ਗਿਆਨੀ ਜੋਗਿ॥
ਨ ਭੀਜੈ ਸੋਗੀ ਕੀਤੈ ਰੋਜਿ॥ ਨ ਭੀਜੈ ਰੂਪੀ ਮਾਲੀ ਰੰਗਿ॥
ਨ ਭੀਜੈ ਤੀਰਥਿ ਭਵਿਐ ਨੰਗਿ॥ ਨ ਭੀਜੈ ਦਾਤੀ ਕੀਤੈ ਪੁੰਨਿ॥
ਨ ਭੀਜੈ ਬਾਹਰਿ ਬੈਠਿਆ ਸੁੰਨਿ॥ ਨ ਭੀਜੈ ਭੇੜਿ ਮਰਹਿ ਭਿੜਿ ਸੂਰ॥
ਨ ਭੀਜੈ ਕੇਤੇ ਹੋਵਹਿ ਧੂੜ॥ ਲੇਖਾ ਲਿਖੀਐ ਮਨ ਕੈ ਭਾਇ॥