

ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥
ਹੇ ਹਰੀ ਰਾਮ ਰਾਜੇ ! ਤੇਰੀ ਪ੍ਰਾਪਤੀ ਲਈ ਗੁਰਸਿੱਖਾਂ ਦੇ ਮਨ ਵਿਚ ਹਰ ਵੇਲੇ ਹਰੀ ਨਾਮ ਜਪਣ ਨਾਲ ਪ੍ਰੀਤੀ ਹੈ।
{ਪੰਨਾ ੪੫੧}
ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥
ਪੂਰਨ ਸਤਿਗੁਰੂ ਦੀ ਸੇਵਾ ਕਰਿ=ਹੱਥਾਂ ਨਾਲ ਕਰਦੇ ਹਨ, ਜਿਸ ਤੇ ਮੇਰ ਤੇਰ ਦੀ ਭੁਖ ਲਹਿ ਜਾਇ=ਦੂਰ ਹੋ ਜਾਵੇ।
ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥
ਸੇਵਾ ਦੇ ਪ੍ਰਤਾਪ ਕਰ ਕੇ ਗੁਰਸਿੱਖਾਂ ਦੀ ਭੁੱਖ ਸਾਰੀ ਦੂਰ ਹੋ ਗਈ ਹੈ, ਉਨ੍ਹਾਂ ਗੁਰਸਿੱਖਾਂ ਦੇ ਪਿਛੇ ਲੱਗ ਕੇ ਹੋਰ ਘਨੇਰੀ=ਬਹੁਤੀ ਸ੍ਰਿਸ਼ਟੀ ਭੋਜਨ ਖਾਣਾ ਕਰਦੀ ਹੈ।
ਯਥਾ:-ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ॥
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ॥
(ਗਉੜੀ ਕੀ ਵਾਰ, ਪੰਨਾ ੩੦੬)
ਜਨ ਨਾਨਕ ਹਰਿ ਪੁੰਨੁ ਬੀਜਿਆ
ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ॥੩॥
ਸਤਿਗੁਰ ਦੇਵ ਜੀ ਆਖਦੇ ਹਨ-ਗੁਰਮੁਖਾਂ ਨੇ ਹਰੀ ਨਾਮ ਜਪਣ ਰੂਪੀ ਪੁੰਨ ਰਿਦੇ ਰੂਪੀ ਭੂਮੀ ਵਿਚ ਬੀਜਣਾ ਕੀਤਾ ਹੈ, ਹਰੀ ਨਾਮ ਜਪਣ ਰੂਪੀ ਪੁੰਨ ਦੇ ਪ੍ਰਭਾਵ ਕਰਕੇ ਉਨ੍ਹਾਂ ਨੂੰ ਫਿਰ ਕਿਸੇ ਪਦਾਰਥ ਕੇਰੀ=ਦੀ ਤੋਟਿ ਨ ਆਵੈ=ਕਮੀ ਨਹੀਂ ਆਉਂਦੀ ॥ ੩॥
ਗੁਰਸਿਖਾ ਮਨਿ ਵਾਧਾਈਆ
ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥
ਉਨ੍ਹਾਂ ਗੁਰਸਿੱਖਾਂ ਦੇ ਮਨ ਵਿਚ ਹਮੇਸ਼ਾਂ ਵਾਧਾਈਆ=ਖ਼ੁਸ਼ੀਆਂ ਰਹਿੰਦੀਆਂ ਹਨ, ਜਿਨ੍ਹਾਂ ਨੇ ਰਾਮ ਰਾਜੇ ਅਕਾਲ ਪੁਰਖ ਸਰੂਪ ਮੇਰੇ ਸਤਿਗੁਰਾਂ ਦਾ ਦਰਸ਼ਨ ਵੇਖਣਾ ਕੀਤਾ ਹੈ।
ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ
ਸੋ ਲਗੈ ਗੁਰਸਿਖਾ ਮਨਿ ਮਿਠਾ॥