

ਜੋ ਕੋਈ ਪੁਰਸ਼ ਹਰੀ ਨਾਮ ਦੀ ਗੱਲ ਸੁਨਾਉਣਾ ਕਰਦਾ ਹੈ, ਉਹ ਪੁਰਸ਼ ਗੁਰਸਿੱਖਾਂ ਦੇ ਮਨ ਵਿਚ ਬਹੁਤ ਮਿਠਾ=ਪਿਆਰਾ ਲੱਗਦਾ ਹੈ।
ਯਥਾ- ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥
(ਵਡਹੰਸੁ ਮ: ੧, ਪੰਨਾ ੫੫੮)
ਹਰਿ ਦਰਗਹ ਗੁਰਸਿਖ ਪੈਨਾਈਅਹਿ
ਜਿਨਾ ਮੇਰਾ ਸਤਿਗੁਰੁ ਤੁਠਾ ॥
ਜਿਨ੍ਹਾਂ ਉਪਰ ਮੇਰਾ ਸਤਿਗੁਰੁ ਤੁਠਾ=ਪ੍ਰਸੰਨ ਹੋਇਆ ਹੈ, ਤਿਨ੍ਹਾਂ ਗੁਰਸਿੱਖਾਂ ਨੂੰ ਹਰੀ ਦੀ ਦਰਗਾਹ ਵਿਚ ਆਦਰ ਦਾ ਸਿਰੋਪਾ ਪਹਿਨਾਇਆ ਜਾਂਦਾ ਹੈ।
ਜਨ ਨਾਨਕੁ ਹਰਿ ਹਰਿ ਹੋਇਆ
ਹਰਿ ਹਰਿ ਮਨਿ ਵੁਠਾ ॥੪॥੧੨॥੧੯॥
ਗੁਰੂ ਜੀ ਕਥਨ ਕਰਦੇ ਹਨ- ਜਿਨ੍ਹਾਂ ਦੇ ਮਨ ਵਿਚ ਹਰਿ ਹਰਿ ਦਾ ਨਾਮ ਵੁਠਾ=ਵਸਿਆ ਹੈ, ਉਹ ਗੁਰਮੁਖ ਜਨ ਹਰਿ ਹਰਿ ਦਾ ਸਰੂਪ ਹੋਇਆ ਹੈ॥੪॥੧੨॥੧੯॥
ਆਸਾ ਮਹਲਾ ੪॥
ਜਿਨਾ ਭੇਟਿਆ ਮੇਰਾ ਪੂਰਾ ਸਤਿਗੁਰੂ
ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥
ਜਿਨ੍ਹਾਂ ਨੂੰ ਮੇਰਾ ਪੂਰਾ ਸਤਿਗੁਰੂ ਭੇਟਿਆ=ਮਿਲਿਆ ਹੈ, ਉਨ੍ਹਾਂ ਨੂੰ ਹਰੀ ਰਾਮ ਰਾਜੇ=ਅਕਾਲ ਪੁਰਖ ਦਾ ਸੱਚਾ ਨਾਮ ਦ੍ਰਿੜਾਉਂਦੇ ਹਨ।
ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥
ਉਸ ਪੁਰਸ਼ ਦੇ ਦਿਲ 'ਚੋਂ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਸਾਰੀ ਦੂਰ ਹੋ ਜਾਂਦੀ ਹੈ, ਜੋ ਹਰੀ ਨਾਮ ਧਿਆਉਂਦਾ ਹੈ।
ਜੋ ਹਰਿ ਹਰਿ ਨਾਮੁ ਧਿਆਇਦੇ ਤਿਨੁ ਜਮੁ ਨੇੜਿ ਨ ਆਵੈ ॥
ਜੋ ਗੁਰਮੁਖ ਜਨ ਹਰਿ ਹਰਿ ਨਾਮ ਨੂੰ ਧਿਆਉਂਦੇ ਹਨ, ਉਨ੍ਹਾਂ ਦੇ ਪਾਸ ਜਮ ਨਹੀਂ ਆਉਂਦਾ।