

{ਪੰਨਾ ੯੬੬}
ਰਾਮਕਲੀ ਦੀ ਤੀਸਰੀ ਵਾਰ
ਸੱਤੇ ਬਲਵੰਡ ਦੀ
ਉਥਾਨਕਾ- ਸੱਤਾ ਤੇ ਬਲਵੰਡ ਦੋਵੇਂ ਸਕੇ ਭਰਾ ਪੂਰਬ ਦੇਸ਼ ਦੇ ਰਹਿਣ ਵਾਲੇ, ਜਾਤ ਦੇ ਮਿਰਾਸੀ ਸਨ। ਬਲਵੰਡ ਵੱਡਾ ਸੀ ਅਤੇ ਸੱਤਾ ਉਸਦਾ ਛੋਟਾ ਭਰਾ ਸੀ। ਭਾਵੇਂ ਰਾਗ ਵਿੱਦਿਆ ਦੇ ਬੜੇ ਧਨੀ ਸਨ, ਪਰ ਤਕਦੀਰ ਅੱਗੇ ਤਦਬੀਰ ਕੁਝ ਨਹੀਂ ਕਰ ਸਕਦੀ। ਗ਼ਰੀਬੀ ਨੇ ਬੜੇ ਦਬਾਏ ਹੋਏ ਸਨ। ਆਪਣੇ ਰੁਜ਼ਗਾਰ ਵਾਸਤੇ ਦੇਸ ਦੇਸਾਂਤਰਾਂ ਵਿਚ ਵੀ ਫਿਰੇ ਪਰ ਗ਼ਰੀਬੀ ਵਾਲੀ ਪ੍ਰਾਰਬਧ ਹੋਣ ਕਰ ਕੇ ਕੋਈ ਸਹਾਰਾ ਨਾ ਮਿਲਿਆ ਜਿਸ ਵੇਲੇ ਇਨ੍ਹਾਂ ਦੋਹਾਂ ਨੇ ਤਕਦੀਰਾਂ ਦੇ ਬਦਲਣ ਵਾਲੇ ਸਤਿਗੁਰਾਂ ਦੀ ਸਿਫਤ ਸੁਣੀ ਤਾਂ ਸੱਤਾ ਉਸੀ ਵੇਲੇ ਸ੍ਰੀ ਅੰਮ੍ਰਿਤਸਰ ਪੁੱਜ ਕੇ ਪੰਚਮ ਪਾਤਿਸ਼ਾਹ ਜੀ ਦੇ ਪਾਸ ਆ ਕੇ ਬੜੀ ਨਿੰਮ੍ਰਤਾ ਸਹਿਤ ਬੇਨਤੀਆਂ ਕਰਨ ਲੱਗ ਪਿਆ ਹੇ ਗ਼ਰੀਬ ਨਿਵਾਜ ! ਆਪ ਜੀ ਤੋਂ ਬਿਨਾਂ ਅਸਾਨੂੰ ਹੋਰ ਕੋਈ ਆਸਰਾ ਨਹੀਂ ਆਪ ਅਸਾਡੀ ਰੱਖਿਆ ਕਰੋ।
ਹਜ਼ੂਰ ਨੇ ਬੜਾ ਸਤਿਕਾਰ ਕੀਤਾ ਤੇ ਪੁੱਛਿਆ ਕੀ ਕੰਮ ਕਰਦੇ ਹੋ?
ਇਸਨੇ ਕਿਹਾ- ਮਹਾਰਾਜ ! ਅਸੀਂ ਰਬਾਬੀ ਹੁੰਦੇ ਹਾਂ, ਕਈ ਪੁਸ਼ਤਾਂ ਤੋਂ ਰਾਗ ਕਰਨ ਦਾ ਹੀ ਖ਼ਾਨਦਾਨੀ ਪੇਸ਼ਾ ਹੈ।
ਸਤਿਗੁਰੂ ਜੀ ਬੋਲੇ ਚੰਗਾ, ਅਸਾਡੇ ਪਾਸ ਠਹਿਰਕੇ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸੁਣਾਇਆ ਕਰੋ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ 'ਚੋਂ ਤੁਹਾਡੀ ਮਨੋਂ ਕਾਮਨਾ ਪੂਰੀ ਹੋਵੇਗੀ।
ਹਜ਼ੂਰ ਦਾ ਬਚਨ ਸੁਣਕੇ ਸੱਤਾ ਸਤਿਗੁਰਾਂ ਦੇ ਪਾਸ ਹੀ ਠਹਿਰ ਗਿਆ। ਹਜ਼ੂਰ ਨੇ ਭਾਈ ਸਾਲ੍ਹੋ ਦੀ ਧਰਮਸਾਲਾ ਦੇ ਪਾਸ ਰਹਿਣ ਵਾਸਤੇ ਜਗ੍ਹਾ ਦੇ ਦਿੱਤੀ।
ਉੱਧਰ ਸੱਤੇ ਦਾ ਵੱਡਾ ਭਰਾ ਬਲਵੰਡ ਕਈ ਸ਼ਹਿਰਾਂ ਵਿਚ ਫਿਰਿਆ, ਪਰ ਕਿਤੇ ਵੀ ਉਸ ਦਾ ਕੰਮ ਨਾ ਚਲਿਆ। ਤਾਂ ਇਹ ਵੀ ਆਪਣੇ ਭਰਾ ਦੇ ਪਾਸ ਸ੍ਰੀ ਅੰਮ੍ਰਿਤਸਰ ਪੁੱਜਕੇ ਪੰਚਮ ਪਾਤਿਸ਼ਾਹ ਜੀ ਦੀ ਹਜ਼ੂਰੀ ਵਿਚ ਬੜੀ ਨਿੰਮ੍ਰਤਾ ਨਾਲ ਉਸਤਤੀ ਕਰਦਾ ਹੋਇਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ।
ਕਬਿੱਤ ॥
ਆਯੋ ਨਿਜ ਦ੍ਵਾਰੇ ਦਯਾ ਕਲਪਤਰ ਥਾਰੇ ਭਾਰੇ, ਬਿਰਦ ਬਿਲੰਦ ਦੀਨ ਦਰਦ ਬਿਦਾਰੇ ਹੋ।