

ਦ੍ਰੋਪਤੀ ਉਧਾਰੀ ਗਜ ਗ੍ਰਾਹ ਤੇ ਛੁਟਾਰੀ, ਭੀਰ ਰਾਖਸ਼ਨਿ ਮਾਰੀ ਵੈਰੀ ਦੇਵਨਿ ਨਿਹਾਰੇ ਹੋ।
ਪ੍ਰਹਿਲਾਦ ਮੋਚਨ ਬਿਲੋਚਨ ਸੁ ਪੁੰਡਰੀਕ, ਪੋਚ ਬਲਮੀਕ ਜਸ ਸੋਚ ਕੀਯੋ ਚਾਰੋ ਹੋ।
ਗਨਕਾ ਗਿਨੀ ਹੈ ਕੌਨ ਤੀਰਥ ਪਰਸ ਆਈ, ਐਸੇ ਏ ਉਧਾਰੇ ਤੈਸੇ ਮੋਹਿ ਕੋ ਉਧਾਰੋ ਹੋ॥ ੧੬॥
(ਗੁਰਪ੍ਰਤਾਪ ਸੂਰਜ ਰਾਸਿ ੩ ਅੰਸੂ ੪੩)
ਇਸ ਪ੍ਰਕਾਰ ਦੀ ਬੇਨਤੀ ਸੁਣ ਕੇ ਪੰਚਮ ਪਾਤਿਸ਼ਾਹ ਜੀ ਨੇ ਪ੍ਰਸੰਨ ਹੋ ਕੇ ਕਿਹਾ, ਤੂੰ ਵੀ ਆਪਣੇ ਭਰਾ ਦੇ ਪਾਸ ਰਹਿਕੇ ਸੰਗਤਾਂ ਨੂੰ ਕੀਰਤਨ ਦੁਆਰੇ ਪਰਸੰਨ ਕਰ, ਤੈਨੂੰ ਵੀ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ। ਕਿਉਂਕਿ ਤੁਹਾਡੀ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਸਾਂਝ ਚਲੀ ਆਈ ਹੈ।
ਪਹਿਲੇ ਪਾਤਿਸ਼ਾਹ ਜੀ ਦੇ ਪਾਸ ਭਾਈ ਮਰਦਾਨਾ ਕੀਰਤਨ ਕਰਦਾ ਹੁੰਦਾ ਸੀ।
ਦੂਜੀ ਪਾਤਿਸ਼ਾਹੀ ਜੀ ਨੂੰ ਭਾਈ "ਦਾਨਾ" ਰਾਗ ਦੁਆਰੇ ਕੀਰਤਨ ਸੁਣਾਇਆ ਕਰਦਾ ਸੀ। ਤੀਸਰੇ ਤੇ ਚੌਥੇ ਪਾਤਿਸ਼ਾਹ ਜੀ ਪਾਸ ਭਾਈ 'ਦਾਲਾ' ਰਬਾਬੀ ਕੀਰਤਨ ਕਰਦਾ ਹੁੰਦਾ ਸੀ। ਹੁਣ ਤੁਸੀਂ ਅਸਾਡੇ ਪਾਸ ਆ ਗਏ ਹੋ ਕਿਸੇ ਪਰਕਾਰ ਦੀ ਚਿੰਤਾ ਨਾ ਕਰੋ ਪ੍ਰਸੰਨ ਹੋਕੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਕਰੋ।
ਹਜ਼ੂਰ ਤੋਂ ਇਹ ਬਚਨ ਸੁਣਕੇ ਦੋਵੇਂ ਭਰਾ ਬੜੇ ਪ੍ਰਸੰਨ ਹੋਏ। ਜਦੋਂ ਇਕੱਠਿਆਂ ਨੇ ਮਿਲਕੇ ਸੰਗਤ ਨੂੰ ਕੀਰਤਨ ਸੁਣਾਉਣਾ, ਤਾਂ ਸੰਗਤ ਵੱਲੋਂ ਮਾਇਆ ਤੇ ਹੋਰ ਪਦਾਰਥਾਂ ਦੀ ਮੀਂਹ ਵਾਂਗ ਵਰਖਾ ਹੋਣ ਲੱਗ ਪਈ। ਅਤੇ ਜਿਉਂ ਜਿਉਂ ਸੰਗਤ ਪ੍ਰਸੰਸਾ ਕਰਦੀ ਤਿਉਂ ਤਿਉਂ ਇਨ੍ਹਾਂ ਦੇ ਅੰਦਰ ਮਾਣ ਆਉਣਾ ਸ਼ੁਰੂ ਹੋ ਗਿਆ।
ਯਥਾ:- ਅਸ ਕੋ ਜਨਮਯੋ ਭਵ ਮਾਹੀ। ਪ੍ਰਭਤਾ ਪਾਇ ਜਾਸ ਮਦ ਨਾਹੀ।
(ਤੁਲਸੀ ਰਮਾਇਣ)
ਹਜ਼ੂਰ ਨੇ ਪ੍ਰਸੰਨ ਹੋਕੇ ਬਲਵੰਡ ਨੂੰ 'ਰਾਇ' ਦਾ ਖ਼ਿਤਾਬ ਬਖ਼ਸ਼ ਦਿੱਤਾ। ਸਮਾਂ ਬੀਤਦਾ ਗਿਆ। ਇੱਕ ਇਨ੍ਹਾਂ ਦੀ ਪੁੱਤਰੀ ਦੇ ਸਮਾਨ ਛੋਟੀ ਭੈਣ ਸੀ, ਉਸ ਦੇ ਨਿਕਾਹ ਅਰਥਾਤ ਵਿਆਹ ਵਾਸਤੇ ਇਨ੍ਹਾਂ ਨੇ ਵਿਚਾਰ ਕੀਤੀ ਕਿ ਅਸੀਂ ਪੰਚਮ ਪਾਤਿਸ਼ਾਹ ਜੀ ਦੇ ਕੀਰਤਨੀਏ ਹਾਂ, ਜਿਨ੍ਹਾਂ ਦੇ ਚਰਨਾਂ ਤੇ ਲੱਖਾਂ ਹੀ ਪ੍ਰੇਮੀ ਨਿਉਂਦੇ ਹਨ, ਜੇ ਅਸੀਂ ਆਪਣੀ ਭੈਣ ਦਾ ਵਿਆਹ ਚੰਗੀ ਤਰ੍ਹਾਂ ਸਜ ਧਜ ਨਾਲ ਨਾ ਕੀਤਾ ਤਾਂ ਫੇਰ ਸੰਗਤਾਂ ਵਿਚ ਅਸਾਡੀ ਇੱਜ਼ਤ ਕਿਵੇਂ ਰਵ੍ਹੇਗੀ, ਪਰ ਇਤਨਾ ਧਨ ਸਾਡੇ ਪਾਸ ਵੀ ਨਹੀਂ ਹੈ ਜੋ ਭੈਣ ਦਾ ਨਿਕਾਹ ਬੜੇ ਠਾਠ ਬਾਠ ਨਾਲ ਕਰੀਏ। ਅਖ਼ੀਰ ਨੂੰ ਸੋਚਦਿਆਂ ਸੋਚਦਿਆਂ ਇਹ ਵਿਚਾਰ ਫੁਰੀ ਕਿ ਪੰਜਵੇਂ ਪਾਤਿਸ਼ਾਹ ਜੀ ਪਾਸੋਂ ਧਨ ਮੰਗ ਲਈਏ, ਓਥੇ ਕੀ ਘਾਟਾ ਹੈ, ਉਹ ਜ਼ਰੂਰ ਦੇ ਭੀ ਦੇਣਗੇ।
ਯਥਾ:- ਰਾਗ ਰਾਗਨੀ ਕਰਿ ਅਨੁਰਾਗੇ। ਗਾਵਹਿ ਸੁੰਦਰ ਸਭਿ ਸ਼ੁਭ ਲਾਗੇ।
ਸਿੱਖ ਸਰਾਹਨ ਕਰਹਿ ਸੁਨੰਤੇ। ਤ੍ਯੋਂ ਤ੍ਯੋਂਸੋ ਅਹੰਕਾਰ ਕਰੰਤੇ॥ ੨੧॥
ਇਸ ਬਿਧਿ ਕੇਤਿਕ ਕਾਲ ਬਿਤਾਯੋ। ਦਿਨ ਪ੍ਰਤਿ ਉਰ ਹੰਕਾਰ ਬਧਾਯੋ।