

ਸਮਝਾਇਆ ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਤੁਸੀਂ ਸਤਿਗੁਰਾਂ ਨਾਲ ਹੀ ਸੋਭਦੇ ਹੋ। ਚਲੋ ਗੁਰੂ ਕੀਆਂ ਖ਼ੁਸ਼ੀਆ ਪ੍ਰਾਪਤ ਕਰੋ। ਪਰ ਫਿਰ ਵੀ ਮੰਦਭਾਗੀ ਆਪਣੇ ਹਠ ਤੋਂ ਪਿੱਛੇ ਨਾ ਹਟੇ। ਭਾਈ ਗੁਰਦਾਸ ਜੀ ਵਾਪਸ ਮੁੜ ਆਏ। ਸਾਰੀ ਗੱਲ ਹਜ਼ੂਰ ਨੂੰ ਆ ਸੁਣਾਈ।
ਸਤਿਗੁਰੂ ਮਹਾਰਾਜ ਜੀ ਨੇ ਫਿਰ ਬਾਬਾ ਬੁੱਢਾ ਜੀ ਨੂੰ ਭੇਜਿਆ ਕਿ ਤੁਸੀਂ ਬੁਲਾ ਕੇ ਲਿਆਓ। ਤਦ ਬਾਬਾ ਬੁੱਢਾ ਜੀ ਨੇ ਕਿਹਾ - ਤੁਸਾਂ ਨੇ ਆਪਣੇ ਮਨ ਵਿਚ ਮਾਇਆ ਵਾਸਤੇ ਨਰਾਜ਼ਗੀ ਧਾਰਨ ਕੀਤੀ ਹੈ। ਚਲੋ ਜਿਤਨੀ ਕਵ੍ਹੋ ਤੁਹਾਨੂੰ ਮਾਇਆ ਦਿਵਾ ਦੇਂਦੇ ਹਾਂ। ਗੁਰੂ ਨਾਨਕ ਦਾ ਖ਼ਜ਼ਾਨਾ ਅਤੁੱਟ ਹੈ। ਪਰ ਸੰਗਤ ਨੂੰ ਕੀਰਤਨ ਜ਼ਰੂਰ ਸੁਣਾਓ।
ਰਬਾਬੀਆਂ ਨੇ ਕਿਹਾ ਜਿਸ ਖਜ਼ਾਨੇ ਨੂੰ ਅਤੁੱਟ ਕਹਿੰਦੇ ਹੋ ਅਸਾਨੂੰ ਤਾਂ ਉਸ ਖਜ਼ਾਨੇ ਦਾ ਪਤਾ ਨਹੀਂ ਕਿੱਥੇ ਰੱਖਿਆ ਹੋਇਆ ਹੈ ? ਅਸਾਂ ਤਾਂ ਇਤਨੇ ਸਾਲ ਐਵੇਂ ਬਿਤਾ ਕੇ ਇੱਕ ਸੌ ਰੁਪਿਆ ਹੀ ਪਾਇਆ ਹੈ। ਹੁਣ ਕਿਸੇ ਤਰ੍ਹਾਂ ਭੀ ਉਨ੍ਹਾਂ ਦੇ ਪਾਸ ਨਹੀਂ ਜਾਵਾਂਗੇ ਚਾਹੇ ਕਿਤਨਾ ਜਤਨ ਕਰ ਲੈਣ। ਅਸਾਡੇ ਵਿਚ ਇਹ ਸਮਰੱਥਾ (ਤਾਕਤ) ਹੈ ਕਿ ਜਿਸ ਸੋਢੀ ਪਾਸ ਵੀ ਕੀਰਤਨ ਕਰਾਂਗੇ ਉਸੇ ਨੂੰ ਗੁਰੂ ਬਣਾ ਦੇਵਾਂਗੇ।
(ਬਾਬਾ ਬੁੱਢਾ ਜੀ ਵੱਲੋਂ)
ਯਥਾ- ਚਲਹੁ ਰਬਾਬੀ ਗੁਰੂ ਹਕਾਰਤਿ। ਢਿਗ ਚਲਿ ਨਿਜ ਦੁਖ ਕ੍ਯੋਂ ਨ ਉਚਾਰਤਿ॥੪੫॥
ਨੌ ਨਿਧ ਰਿਧਿ ਸਿਧਿ ਰਮਾ ਬਡੇਰੀ। ਸ੍ਰੀ ਗੁਰ ਕੋ ਰੁਖ ਨਿਤ ਪ੍ਰਤਿ ਹੇਰੀ।
ਜਿਸ ਦਿਸ਼ਿ ਸ਼ਾਰਤਿ ਆਪ ਉਸਾਰਤਿ। ਤਿਸ ਢਿਗ ਜਾਤਿ ਬਿਲਮ ਨਹਿ ਧਾਰਤਿ॥੪੬॥
ਅਸ ਪ੍ਰਭੁ ਕੋ ਤੁਮ ਤ੍ਯਾਗਤਿ ਕੈਸੇ। ਸਮਝ ਸੁ ਮਿਲਹੁ, ਪ੍ਰਤੀਖਤਿ ਬੈਸੇ॥
ਦੋਨਹੁ ਭ੍ਰਾਤ ਗਰਬ ਕਰਿ ਕਹਯੋ। ਤਿਨ ਢਿਗ ਹਮਹੁ ਕਛੂ ਨਹਿ ਲਹਯੋ॥ ੪੭॥
ਨਹੀਂ ਜਾਇ ਅਬਿ ਕੈਸੇ ਪਾਸ। ਤਿਨ ਕੋ ਤਜਿ ਹਮ ਰਹੈਂ ਅਵਾਸ।
ਸੁਨਿ ਕਠੋਰ ਬਾਨੀ ਤਿਨ ਕੇਰੀ। ਕਹ੍ਯੋਂ ਜਾਇ ਗੁਰ ਕੋ ਤਿਸ ਬੇਰੀ।
'ਪ੍ਰਭੁ ਜੀ ਨਹਿ ਮਾਨੈਂ ਕਿਮ ਮੂਢੇ। ਰਹਯੋ ਗਰਬ ਮਦ ਰਿਦੇ ਅਰੂਢੇ’॥ ੪੯॥
ਇਸ ਪ੍ਰਕਾਰ ਦੇ ਬਚਨ ਬਾਬਾ ਬੁੱਢਾ ਜੀ ਦੇ ਮੁਖੋਂ ਸੁਣਕੇ ਖਿਮਾ ਦੀ ਔਧੀ ਸਤਿਗੁਰੂ ਜੀ ਨੇ ਆਪ ਚਲਣ ਦੀ ਵਿਚਾਰ ਕੀਤੀ ਕਿ ਉਨ੍ਹਾਂ ਦੇ ਮਨ ਵਿਚ ਵਿੱਦਿਆ ਤੇ ਧਨ ਦਾ ਮਾਨ ਹੈ। ਇਹ ਮਾਨ ਪੁਰਸ਼ ਨੂੰ ਅਸਲੀਅਤ ਤੋਂ ਭੁਲਾ ਦੇਂਦਾ ਹੈ।
ਕਰਯੋ ਬਿਚਾਰਨ ਦਰਬ ਸੁਭਾਇ। ਜਿਸ ਢਿਗ ਆਵੈ ਸੁਧਿ ਤਿਸੁ ਜਾਇ।
ਗੁਰ ਪ੍ਰਮੇਸ਼ੁਰ ਬੀਸਰ ਜੈਹੈ। ਲਾਲਚ ਲਗੇ ਕਸ਼ਟ ਕੋ ਪੈਹੈ॥ ੨੯॥
ਕਰਹਿ ਬਾਵਰਾ ਸੁਰਤਿ ਬਿਸਾਰੈ। ਜੋਗ ਅਜੋਗ ਨ ਬਹੁਰ ਬਿਚਾਰੈ।
ਸਾਦਰ ਆਨਹਿ ਤਿਨ ਕੋ ਜਾਇ। ਬਹੁਰੋ ਦਰਬ ਦੇਹਿ ਸਮੁਦਾਇ।
(ਗੁਰ ਪ੍ਰਤਾਪ ਸੂਰਜ ਰਾਸਿ ੧, ਅੰਸੂ ੫੪)
(ਕੀਰਤਨ ਦਾ ਪਿਆਰ ਤੇ ਗੁਣੀਆਂ ਦਾ ਆਦਰ ਕਰਨਾ ਹਜ਼ੂਰ ਦਾ ਸੁਤੇ ਹੀ ਸੁਭਾਵ ਸੀ।)