

ਜਿਸ ਮੂੰਹ ਨਾਲ ਬੇਦੀ ਕੁਲ ਦੇ ਤਿਲਕ (ਸ਼੍ਰੋਮਣੀ) ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕੀਤੀ ਹੈ, ਉਹ ਮੂੰਹ ਤੁਹਾਡਾ ਪੱਕ ਜਾਵੇ, ਤੁਹਾਡੀ ਦੇਹ ਫਿੱਟ ਜਾਵੇਗੀ, ਸਰੀਰ ਤੇ ਕੋੜ੍ਹ ਦਾ ਰੋਗ ਹੋ ਜਾਵੇਗਾ, ਅੱਜ ਤੋਂ ਕੋਈ ਸਿੱਖ ਤੁਹਾਨੂੰ ਮੂੰਹ ਨਹੀਂ ਲਾਵੇਗਾ, ਜੇ ਕੋਈ ਅਸਾਡੇ ਪਾਸ ਤੁਹਾਡੀ ਸਿਫਾਰਿਸ਼ ਭੀ ਕਰੇਗਾ, ਤਾਂ ਉਸ ਦਾ ਸਿਰ ਮੁੰਨ ਕੇ, ਕਾਲਾ ਮੂੰਹ ਕਰ ਕੇ ਖੋਤੇ ਤੇ ਚੜ੍ਹਾ ਕੇ ਗਲੀ ਗਲੀ ਵਿਚ ਫੇਰਿਆ ਜਾਵੇਗਾ।
ਯਥਾ-
ਸ੍ਰੀ ਅਰਜਨ ਚਿਤ ਸ਼ਾਂਤਿ ਅਤਿ ਬਹੁ ਛਿਮਾ ਨਿਧਾਨਾ।
ਨਿਜ ਨਿੰਦਾ ਤੇ ਛੁਭਤਿ ਨਹਿ ਸੁਨਿ ਕਛੁ ਨ ਬਖਾਨਾ॥ ੧੨॥
ਸ਼੍ਰੀ ਨਾਨਕ ਤੇ ਆਦਿ ਕੀ ਜਬ ਨਿੰਦ ਸੁਨਾਈ।
ਕਰਿ ਧਿਕਾਰ ਨਿਕਸੇ ਸਦਨ ਰਿਸ ਉਰ ਮੇਂ ਛਾਈ।
'ਬੇਦੀ ਕੁਲ ਕੇ ਤਿਲਕ ਕੀ ਨਿੰਦਾ ਤੁਮ ਕੀਨੀ।
ਫਿਟ ਜਾਵਹਿਗੀ ਦੇਹਿ ਤੁਮ ਰੁਜ ਤੇ ਹੁਇ ਹੀਨੀ॥ ੧੩॥
ਇਮ ਕਹਿ ਸਤਿਗੁਰ ਆਇ ਕਰਿ ਥਲ ਬੜੇ ਸੁਹਾਏ।
ਸਭਿ ਸੰਗਤਿ ਇਕਠੀ ਭਈ ਦੀਵਾਨ ਲਗਾਏ।
ਸਿੱਖਨਿ ਕੋ ਆਇਸੁ ਦਈ ਤੁਮ ਰਾਗ ਸੁਨਾਵਹੁ।
ਗਾਵਹੁ ਸ਼ਬਦ ਸੁ ਤਾਨ ਜੁਤਿ ਵਿੱਦਯਾ ਇਹ ਪਾਵਹੁ॥ ੧੪॥
ਇਸ ਪਰਕਾਰ ਦੇ ਬਚਨ ਡੂੰਮਾਂ ਨੂੰ ਕਹਿਕੇ ਗੁਰੂ ਸਾਹਿਬ ਜੀ ਅਠਸਠ ਘਾਟ ਵਾਲੀ ਜਗ੍ਹਾ ਉੱਪਰ ਪਹੁੰਚੇ। ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਤੇ ਸਿੱਖਾਂ ਨੂੰ ਕਿਹਾ ਪ੍ਰੇਮੀਓ ! ਹੁਣ ਤੁਸਾਂ ਨੇ ਹੀ ਕੀਰਤਨ ਕਰਨਾ ਹੈ। ਤੁਹਾਨੂੰ ਰਾਗ ਵਿੱਦਿਆ ਆ ਜਾਵੇਗੀ। ਆਓ ਸਾਜ਼ ਫੜ ਕੇ ਕੀਰਤਨ ਸ਼ੁਰੂ ਕਰ ਦਿਉ।
ਉਸ ਸਮੇਂ ਹਜੂਰ ਦਾ ਬਚਨ ਮੰਨਕੇ ਬਾਬਾ ਬੁੱਢਾ ਜੀ ਨੇ ਤਾਂ ਸਿਰੰਦਾ ਫੜ ਲਿਆ। ਭਾਈ ਗੁਰਦਾਸ ਜੀ ਨੇ ਜੋੜੀ, ਅਤੇ ਆਪ ਗੁਰੂ ਜੀ ਨੇ ਤੰਬੂਰਾ ਲੈ ਕੇ ਕੀਰਤਨ ਸ਼ੁਰੂ ਕਰ ਦਿੱਤਾ। ਸੰਗਤ ਨੂੰ ਇਤਨਾ ਅਨੰਦ ਆਇਆ ਕਿ ਸਭਨਾਂ ਨੂੰ ਦੇਸ਼ ਕਾਲ ਹੀ ਭੁੱਲ ਗਿਆ। ਸਿੱਖ ਹੈਰਾਨ ਹੋਏ ਅਸੀਂ ਤਾਂ ਕਦੇ ਕੀਰਤਨ ਕੀਤਾ ਹੀ ਨਹੀਂ ਸੀ। ਅੱਜ ਪਹਿਲੇ ਦਿਨ ਹੀ ਚੰਗਾ ਕਰ ਰਹੇ ਹਾਂ।
ਬਚਨ ਮਾਨਿਬੇ ਗੁਰੂ ਕੋ ਬਿੱਦ੍ਯਾ ਸਭਿ ਪਾਈ।
ਜਾਨਤਿ ਹੁਤੇ ਨ ਰਾਗ ਕੋ ਗਾਵਤਿ ਬਿਸਮਾਈ॥ ੧੫॥
ਸੁਨਿ ਸਿੱਖਨਿ ਕੇ ਰਾਗ ਕੋ ਗੁਰ ਭਏ ਪ੍ਰਸੰਨਾ।
ਬਰ ਦੀਨੋ 'ਤੁਮ ਪ੍ਰੇਮ ਜੁਤਿ ਹਮਰੋ ਬਚ ਮੰਨਾ।
ਅਬਿ ਤੇ ਬਿੱਦ੍ਯਾ ਰਾਗ ਕੀ ਸਿੱਖਨਿ ਮਹਿਂ ਆਈ।
ਗਾਵਹਿ ਸੁਨਹਿ ਸੁ ਪ੍ਰੀਤ ਧਰਿ ਲੇ ਸ਼ੁਭ ਗਤਿ ਪਾਈ॥ ੧੬॥