

ਨੇ ਸਾਰੀ ਵਾਰਤਾ ਦੱਸੀ, ਮਹਾਰਾਜ! ਆਪ ਜੀ ਦੇ ਹੁਕਮ ਦੀ ਪਾਲਣਾ ਕਰ ਕੇ "ਭਾਈ ਲੱਧਾ' ਗੁਰ ਨਿੰਦਕ ਡੂੰਮਾਂ ਨੂੰ ਬਖ਼ਸ਼ਾਉਣ ਵਾਸਤੇ ਆ ਰਿਹਾ ਹੈ। ਇਤਨੇ ਨੂੰ ਖੋਤੇ ਤੋਂ ਉਤਰਕੇ ਉਸੇ ਤਰ੍ਹਾਂ ਦੇ ਰੂਪ ਵਿਚ ਭਾਈ ਲੱਧਾ ਜੀ ਗੁਰੂ ਜੀ ਦੇ ਪਾਸ ਚਲੇ ਗਏ। ਦੂਰੋਂ ਹੀ ਮੱਥਾ ਟੇਕਿਆ ਤੇ ਹੱਥ ਜੋੜਕੇ ਕਿਹਾ-
ਮਹਾਰਾਜ ! ਹਜ਼ੂਰ ਦਾ ਕੋਈ ਹੋਰ ਹੁਕਮ ਹੋਵੇ ਤਾਂ ਦੱਸੋ, ਪਹਿਲਾਂ ਉਹ ਪੂਰਾ ਕਰਾਂ। ਫੇਰ ਮੈਂ ਇਨ੍ਹਾਂ ਲਈ ਬੇਨਤੀ ਕਰਾਂਗਾ।
ਜਿਸ ਵੇਲੇ ਸਤਿਗੁਰੂ ਜੀ ਨੇ ਪਿਆਰੇ ਸਿੱਖ ਨੂੰ ਪਰਉਪਕਾਰ ਵਾਸਤੇ ਇਸ ਰੂਪ ਵਿਚ ਤੱਕਿਆ ਤਾਂ ਨੇਤ੍ਰਾਂ ਵਿਚ ਜਲ ਆ ਗਿਆ ਅਤੇ ਕਿਹਾ ਭਾਈ ਲੱਧਾ ਤੂੰ ਉਂਞ ਹੀ ਆਕੇ ਇਨ੍ਹਾਂ ਲਈ ਆਖਦਾ ਤਾਂ ਤੇਰਾ ਬਚਨ ਮੰਨ ਕੇ ਬਖ਼ਸ਼ ਦੇਣਾ ਸੀ। ਯਥਾ-
ਸ਼੍ਰੀ ਅਰਜਨ ਅਵਲੋਕਨਿ ਕੀਨਸਿ ਲੋਚਨ ਜਲ ਪੂਰਨ ਹੋਇ ਆਇ।
ਗੁਰ ਮਾਰੇ ਕਉ ਸਿੱਖ੍ਯ ਬਚਾਵਹਿੰ, ਸਿਖ ਮਾਰਹਿ ਤਿਸ ਨਹੀਂ ਕਿਤ ਥਾਇਂ।
ਫੇਰ ਸਿੱਖਾਂ ਨੂੰ ਭੇਜਕੇ ਭਾਈ ਲੱਧੇ ਨੂੰ ਇਸ਼ਨਾਨ ਕਰਾਕੇ ਪਾਸ ਬੁਲਾਇਆ। ਭਾਈ ਲੱਧੇ ਨੇ ਜਾਕੇ ਮੱਥਾ ਟੇਕਿਆ ਅਤੇ ਹਜ਼ੂਰ ਪਾਸ ਬਖਸ਼ਾਉਣ ਵਾਸਤੇ ਡੂਮਾਂ ਦੀ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ ਹੇ ਭਾਈ ਲੱਧਾ ਜੀ ! ਜਿਸ ਤਰ੍ਹਾਂ ਦੇ ਬਚਨ ਇਨ੍ਹਾਂ ਨੇ ਉਚਾਰੇ ਹਨ, ਉਸ ਤਰ੍ਹਾਂ ਤਾਂ ਇਹ ਬਖ਼ਸ਼ੇ ਨਹੀਂ ਜਾਣੇ ਸਨ। ਪਰ ਤੇਰਾ ਬਚਨ ਅਮੋੜ ਹੈ ਤੇਰੇ ਕਹੇ ਬਖ਼ਸ਼ ਦੇਂਦੇ ਹਾਂ ਪਰ ਜਿਸ ਮੂੰਹ ਨਾਲ ਇਨ੍ਹਾਂ ਸਤਿਗੁਰਾਂ ਦੀ ਨਿੰਦਿਆ ਕੀਤੀ ਹੈ, ਓਸੇ ਮੂੰਹ ਨਾਲ ਗੁਰਾਂ ਦੀ ਉਸਤਤ ਕਰਨ ਤਾਂ ਬਖ਼ਸ਼ੇ ਜਾਣਗੇ।
ਇਹ ਗੱਲ ਸੁਣਕੇ ਭਾਈ ਲੱਧੇ ਨੇ ਉਨ੍ਹਾਂ ਡੂੰਮਾਂ ਨੂੰ ਕਿਹਾ- ਜਾਓ! ਪਹਿਲਾਂ ਦੁਖ ਭੰਜਨੀ ਸਾਹਿਬ ਵਾਲੀ ਜਗ੍ਹਾ ਤੇ ਇਸ਼ਨਾਨ ਕਰੋ ਫੇਰ ਆਕੇ ਸਤਿਗੁਰਾਂ ਦਾ ਜਸ ਕਰੋ।
ਇਹ ਗੱਲ ਸੁਣ ਕੇ ਦੋਵੇਂ ਭਰਾ ਬੜੇ ਪ੍ਰਸੰਨ ਹੋਏ। ਜਦੋਂ ਇਸ਼ਨਾਨ ਕਰ ਕੇ ਆਏ ਤਾਂ ਇਨ੍ਹਾਂ ਦੀ ਜ਼ਬਾਨ ਨਾ ਚੱਲੀ ਗੁਰ-ਨਿੰਦਿਆ ਕਰ ਕੇ ਪੱਕ ਗਈ ਸੀ। ਤਦੋਂ ਸਤਿਗੁਰਾਂ ਨੇ ਆਪਦੇ ਕਰ ਕਮਲਾਂ ਨਾਲ ਇਨ੍ਹਾਂ ਦੀ ਜੀਭ ਤੇ ਕਲਮ ਫੇਰੀ ਤਾਂ ਜ਼ਬਾਨ ਖੁਲ੍ਹ ਗਈ।
ਉਸੀ ਵੇਲੇ ਇਨ੍ਹਾਂ ਨੇ ਚਾਰ ਪਉੜੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਇਕੱਠੀ ਸਿਫ਼ਤ ਤੇ ਪੰਜਵੀ ਪਉੜੀ ਵਿਚ ਕੇਵਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਿਫ਼ਤ ਕੀਤੀ। ਛੇਵੀਂ ਪਉੜੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੀ ਸਿਫ਼ਤ ਕੀਤੀ, ਸੱਤਵੀਂ ਪਉੜੀ ਵਿਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਸਤਤ ਅਤੇ ਅੱਠਵੀਂ ਪਉੜੀ ਵਿਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸਤਤੀ ਉਚਾਰਕੇ ਚਰਨਾਂ ਉਪਰ ਡਿਗਕੇ ਮੁਆਫ਼ੀ ਮੰਗਕੇ ਫੇਰ ਕੀਰਤਨ ਕਰਨ ਦੇ ਅਧਿਕਾਰੀ ਬਣੇ।
(ਇਹ ਸਾਰਾ ਪ੍ਰਸੰਗ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਰਾਸਿ ੩, ਧਿਆਇ ੪੩ ਤੋਂ ੪੫ ਤੱਕ ਕਥਨ ਕੀਤਾ ਹੈ।)