

ਤਾਂ ਉਨ੍ਹਾਂ ਨੇ ਫੜਕੇ ਰਾਜ ਮੰਦਰਾਂ ਵਿਚ ਲੈ ਆਂਦਾ। ਵਜ਼ੀਰਾਂ ਦੀ ਆਗਿਆ ਨਾਲ ਇਸ਼ਨਾਨ ਕਰਵਾਕੇ ਰਾਜਿਆਂ ਵਾਲੇ ਕੱਪੜੇ ਪਹਿਰਾਕੇ ਵਾਜਿਆਂ ਦੀ ਧੁਨ ਨਾਲ ਉਸਨੂੰ ਕਲਗੀ ਜਿਗਾ ਸਜਾਕੇ ਰਾਜ ਗੱਦੀ ਉੱਪਰ ਬਿਠਾ ਦਿੱਤਾ। ਓਸੇ ਤਰ੍ਹਾਂ ਸੋਹਣਾ ਕੰਮ ਚਲਣ ਲਗ ਪਿਆ ਪਰ ਸਭ ਮੇਹਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ ਜਿਨ੍ਹਾਂ ਦੇ ਬਚਨਾਂ ਨਾਲ ਇਹ ਪਾਤਿਸ਼ਾਹ ਬਣ ਗਿਆ ਹੈ।
ਯਥਾ- ਗੁਰ ਕੇ ਬਚਨ ਪਾਇ ਸੋ ਬਾਲਿਕ।
ਪਾਤਿਸ਼ਾਹ ਹੋਇਓ ਤਤਕਾਲਿਕ॥੨੭॥
(ਨਾਨਕ ਪ੍ਰਕਾਸ਼ ਉਤਰਾਰਧ ਧਿਆ. ੧੫)
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ॥
ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤ ਸੰਤੋਖ ਆਦਿਕ ਦੇ ਗੁਨਾ=ਦੈਵੀ ਗੁਣ ਭਰਾ ਹਨ। ਕਰੁਣਾ, ਮੈਤ੍ਰੀ ਮੁਦਤਾ ਆਦਿਕ ਭੈਣਾਂ ਹਨ ਅਤੇ ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੀਵਾਨ ਵਿਚ ਪਾਰੰਗਤਿ=ਕੈਵਲ ਮੁਕਤੀ ਦਾਨ ਦਾ ਪੜੀਵਦੈ=ਪੜ ਰਿਹਾ ਹੈ (ਭਾਵ ਪੈ ਰਿਹਾ ਹੈ) ਵਾ- ਪ੍ਰਾਪਤ ਹੁੰਦਾ ਹੈ।
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥
ਤਿਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਗੱਦੀ ਰੂਪੀ ਰਾਜ ਨੂੰ ਚਲਾਇਆ ਹੈ ਅਤੇ ਸੱਚ ਰੂਪੀ ਕੋਟੁ=ਕਿਲ੍ਹੇ ਦੇ ਉਸਾਰਨੇ ਨੂੰ ਸਤਾਣੀ=ਸਹਿਤ ਬਲ ਦੇ ਭਗਤੀ ਰੂਪ ਕੰਧ, ਸ਼ਰਧਾ ਰੂਪੀ ਨੀਂਹ ਰੱਖ ਦਿੱਤੀ ਹੈ।
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥
ਲਹਿਣੇ-ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਿਰ ਉੱਤੇ ਜਸ ਰੂਪੀ, ਵਾ:- ਗੁਰਿਆਈ ਗੱਦੀ ਰੂਪੀ ਛਤਰ ਧਾਰਿਆ ਹੈ, ਜੋ ਲਹਿਣਾ ਜੀ ਸਿਫਤੀ=ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਵਦੈ=ਪੀਣਾ ਕਰਦੇ ਹਨ।
ਮਤਿ ਗੁਰ ਆਤਮ ਦੇਵ ਦੀ
ਖੜਗਿ ਜੋਰਿ ਪਰਾਕੁਇ ਜੀਅ ਦੈ॥
ਆਤਮ ਦੇਵ ਦੀ ਪ੍ਰਾਪਤੀ ਲਈ ਜੋ ਮਤਿ=ਸਿੱਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ ਏਹੋ ਇੱਕ ਢਾਲ ਦਿੱਤੀ ਹੈ ਜੀਅ ਵਿਚ ਜੋ ਜੋਰਿ-ਗਿਆਨ ਦਿੱਤਾ ਹੈ ਏਹੀ ਪਰਾਕੁਇ=ਪ੍ਰਾਕ੍ਰਮ ਅਰਥਾਤ ਬਲ ਵਾਲਾ ਖੜਗਿ=ਖੰਡਾ ਦਿੱਤਾ ਹੈ।