

ਤੇ ਲਹਿਣਾ ਜੀ ਭੀ ਵਾਪਸ ਆਕੇ ਪਵਿੱਤ੍ਰ ਚਰਨਾਂ ਉੱਪਰ ਮੱਥਾ ਟੇਕ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਬੈਠ ਗਏ।
(ਨਾਨਕ ਪ੍ਰਕਾਸ਼ ਉਤ੍ਰਾਰਧ ਧਿਆ. ੪੯)
ਇਸ ਤੋਂ ਇਲਾਵਾ ਹੋਰ ਭੀ ਜੋ ਬਚਨ ਗੁਰੂ ਸਾਹਿਬ ਜੀ ਨੇ ਫੁਰਮਾਇਆ ਹੈ ਉਸ ਨੂੰ ਬੜੇ ਪ੍ਰੇਮ ਨਾਲ ਮੰਨਣਾ ਕੀਤਾ ਹੈ।
ਇੱਕ ਰਾਤ ਗੁਰੂ ਸਾਹਿਬ ਜੀ ਦੇ ਪਾਸ ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ ਸੇਵਾ ਲਈ ਹਾਜ਼ਰ ਸਨ। ਤਾਂ ਹਜ਼ੂਰ ਨੇ ਪ੍ਰੀਖਿਆ ਲਈ ਬਾਬਾ ਬੁੱਢਾ ਜੀ ਨੂੰ ਕਿਹਾ ਕਿ- ਬਾਹਰ ਜਾ ਕੇ ਦੇਖੋ ਕਿਤਨੀ ਰਾਤ ਬਾਕੀ ਰਹਿੰਦੀ ਹੈ ਇਸ਼ਨਾਨ ਦਾ ਸਮਾਂ ਹੋ ਗਿਆ ਹੈ ਕਿ ਨਹੀਂ?
ਬਾਬਾ ਬੁੱਢਾ ਜੀ ਨੇ ਬਾਹਰ ਆਕੇ ਦੇਖਿਆ ਤਾਂ ਹਜ਼ੂਰ ਨੂੰ ਕਿਹਾ ਅੱਧੀ ਰਾਤ ਗੁਜ਼ਰ ਗਈ ਹੈ ਤੇ ਅੱਧੀ ਬਾਕੀ ਰਹਿੰਦੀ ਹੈ।
ਹਜੂਰ ਨੇ ਕਿਹਾ ਇਤਨੀ ਤਾਂ ਨਹੀਂ ਰਹਿੰਦੀ, ਅਜੇ ਤਾਂ ਪਹਿਰ ਰਾਤ ਰਹਿੰਦੀ ਹੈ। ਚੰਗੀ ਤਰ੍ਹਾਂ ਵੇਖਕੇ ਦੱਸ। ਬਾਬਾ ਬੁੱਢਾ ਜੀ ਨੇ ਦੁਬਾਰਾ ਵੇਖਕੇ ਫਿਰ ਭੀ ਇਹੋ ਬਚਨ ਕਿਹਾ ਕਿ ਅੱਧੀ ਰਾਤ ਰਹਿੰਦੀ ਹੈ, ਪਹਿਰ ਰਾਤ ਨਹੀਂ।
ਗੁਰੂ ਸਾਹਿਬ ਜੀ ਨੇ ਕਿਹਾ ਤੂੰ ਚੰਗੀ ਤਰ੍ਹਾਂ ਨਹੀਂ ਦੇਖਿਆ ਫਿਰ ਦੇਖ। ਬਾਬਾ ਬੁੱਢਾ ਜੀ ਨੇ ਤੀਜੀ ਵਾਰ ਵੇਖਕੇ ਭੀ ਓਹੋ ਬਚਨ ਕਿਹਾ ਪਰ ਗੁਰੂ ਸਾਹਿਬ ਜੀ ਦਾ ਆਸ਼ਾ ਨਾ ਸਮਝਿਆ।
ਯਥਾ- ਬਹੁਰੋ ਬੂੜੇ ਦੇਖਿ ਅਕਾਸ਼ਾ। ਅਰਧ ਰਾਤ੍ਰਿ ਅਬ ਹੈ ਸੁਖ ਰਾਸਾ॥
ਤੀਨ ਬਾਰ ਯੋਂ ਬਚਨ ਹਟਾਏ। ਸ੍ਰੀ ਗੁਰ ਕੋ ਆਸ਼ੈ ਨਹਿ ਪਾਏ॥ ੫੭॥
ਫਿਰ ਗੁਰੂ ਜੀ ਨੇ ਭਾਈ ਲਹਿਣੇ ਜੀ ਨੂੰ ਕਿਹਾ ਬਾਹਰ ਜਾਕੇ ਦੇਖ ਕਿਤਨੀ ਰਾਤ ਅਜੇ ਰਹਿੰਦੀ ਹੈ? ਲਹਿਣਾ ਜੀ ਨੇ ਤਾਰਿਆਂ ਨੂੰ ਵੇਖਕੇ ਕਿਹਾ, ਹਜੂਰ ਜੀ ਹੁਣ ਅੱਧੀ ਰਾਤ ਗੁਜਰ ਗਈ ਹੈ, ਅੱਧੀ ਬਾਕੀ ਰਹਿੰਦੀ ਹੈ। ਗੁਰੂ ਜੀ ਨੇ ਕਿਹਾ, ਤੂੰ ਚੰਗੀ ਤਰ੍ਹਾਂ ਵੇਖ ਹੁਣ ਤਾਂ ਪਹਿਰ ਰਾਤ ਰਹਿੰਦੀ ਹੈ।
ਇਹ ਬਚਨ ਸੁਣਕੇ ਲਹਿਣਾ ਜੀ ਨੇ ਵਿਚਾਰਿਆ ਤਾਰਿਆਂ ਦੇ ਹਿਸਾਬ ਮੂਜਬ ਤਾਂ ਅੱਧੀ ਹੀ ਰਾਤ ਹੈ ਪਰ ਗੁਰੂ ਸਾਹਿਬ ਜੀ ਆਖਦੇ ਹਨ ਪਹਿਰ ਰਾਤ। ਇਸਤੇ ਇਹੋ ਬਚਨ ਮੰਨਣਾ ਚਾਹੀਦਾ ਹੈ ਕਿਉਂਕਿ ਪਤਾ ਨਹੀਂ ਕਿ ਗੁਰੂ ਸਾਹਿਬ ਜੀ ਦਾ ਕੀ ਆਸ਼ਾ ਹੈ।
ਉਸੇ ਵੇਲੇ ਭਾਈ ਲਹਿਣਾ ਜੀ ਨੇ ਕਿਹਾ ਮੇਰੇ ਨੇਤ੍ਰਾਂ ਵਿਚ ਆਲਸ ਆਇਆ ਹੋਇਆ ਸੀ, ਮੈਂ ਭੁੱਲਕੇ ਅੱਧੀ ਰਾਤ ਕਹਿ ਦਿੱਤੀ ਹੈ ਪਰ ਪਹਿਰ ਰਾਤ ਹੀ ਹੈ। ਕਿਉਂਕਿ ਜਿਤਨੀ ਆਪ ਜੀ ਨੇ ਬਿਤਾਈ ਹੈ ਉਤਨੀ ਬੀਤ ਗਈ ਹੈ। ਮੇਰੇ ਪਾਸੋਂ ਜੋ ਔਗੁਣ ਹੋ ਗਿਆ ਹੈ ਇਹ ਬਖ਼ਸ਼ ਦਿਓ। ਯਥਾ-
ਲਹਿਣਾ ਰਿਦੈ ਬਿਚਾਰਈ ਹੈ ਆਧੀ ਹੀ ਰਾਤਿ।
ਤੱਦ੍ਯਪ ਗੁਰੂ ਸੁਹਾਵ ਜੋ ਸੋ ਨਹਿ ਜਾਨ੍ਯੋ ਜਾਤਿ॥੬੦॥