

ਉਸ ਵੇਲੇ ਗੁਰੂ ਅਮਰਦਾਸ ਜੀ ਦੀ ਤੇ ਸੰਗਤ ਦੀ ਬੇਨਤੀ ਪ੍ਰਵਾਨ ਕਰ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿਚ ਆਏ ਤੇ ਇਸ ਨੂੰ ਚੰਗੀ ਤਰ੍ਹਾਂ ਵਸਾਇਆ। ਉਹ ਧੁਨ ਡੂਮਾਂ ਨੇ ਇੱਥੇ ਦਿੱਤੀ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਫਿਰ ਦੁਬਾਰਾ ਆਕੇ ਖਡੂਰ ਨਗਰ ਨੂੰ ਵਸਾਉਣਾ ਕੀਤਾ ਹੈ।
ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ॥
ਜਪ ਤਪ ਸੰਜਮ ਆਦਿਕ ਸਾਧਨ ਸਭ ਆਪ ਜੀ ਦੇ ਨਾਲ ਹਨ। ਹੋਰੁ ਮੁਚੁ=ਬਹੁਤੀ ਗਰੂਰੁ=ਗੌਰਵਤਾ ਭੀ ਆਪ ਜੀ ਦੇ ਵਿਚ ਹੈ।
ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥
ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥
ਪਦਾਰਥਾਂ ਦਾ ਲਬ ਮਾਣਸਾ=ਮਨੁੱਖਾਂ ਨੂੰ ਇਸ ਤਰ੍ਹਾਂ ਵਿਣਾਹੇ=ਨਾਸ ਕਰਦਾ ਹੈ, ਜਿਵੇਂ ਪਾਣੀ ਨੂੰ ਬੂਰ ਖ਼ਰਾਬ ਕਰਦਾ ਹੈ।
(ਇਹੁ ਧੁਨ ਡੂਮਾਂ ਨੇ ਆਪਣੇ ਉੱਤੇ ਵਰਤੀ ਹੈ ਕਿ ਅਸਾਨੂੰ ਲੋਭ ਨੇ ਇਤਨਾ ਦੁਖੀ ਕੀਤਾ ਹੈ।)
ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਤਸੰਗ ਦਰਗਾਹ ਵਿਚ ਕੁਦਰਤੀ ਨੂਰੁ=ਇਲਾਹੀ ਨੂਰ ਵਰਸ ਰਿਹਾ ਹੈ ਜੋ ਹਰ ਵੇਲੇ ਕਥਾ ਕੀਰਤਨ ਦੀ ਧੁਨ ਹੋ ਰਹੀ ਹੈ।
ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥
ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥
ਜਿਸ ਪਰਮਾਤਮਾ ਦਾ ਹਾਥ=ਅੰਤ ਨਹੀਂ ਲੱਭਦਾ ਆਪ ਜੀ ਨੂੰ ਓਹੀ ਸਰੂਪ ਅਸਾਂ ਨੇ ਠਰੂਰੁ=ਠਹਿਰਾਇਆ ਹੈ। ਪਰਮੇਸ਼ਰ ਦਾ ਨਾਮ ਜੋ ਨੌਂ ਨਿਧੀਆਂ ਦਾ ਨਿਧਾਨੁ=ਖ਼ਜ਼ਾਨਾ ਹੈ, ਉਹ ਨਾਮ ਆਪ ਜੀ ਦੇ ਹਿਰਦੇ ਵਿਚ ਭਰਪੂਰ ਹੈ।
ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥
ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥
ਹੇ ਸ੍ਰੀ ਗੁਰੂ ਅੰਗਦ ਸਾਹਿਬ ! ਜੋ ਪੁਰਸ਼ ਤੇਰੀ ਨਿੰਦਿਆ ਕਰਦਾ ਹੈ, ਉਹ ਚੂਰ-ਚੂਰਨ ਭਾਵ ਤਬਾਹ ਹੋ ਜਾਂਦਾ ਹੈ। ਅਸਾਂ ਮਾਤਲੋਕ ਦੇ ਜੀਵਾਂ ਦੀ ਨੇੜੈ ਦਿਸੈ=ਲਘੁ ਦ੍ਰਿਸ਼ਟੀ ਹੈ ਤੇ ਆਪ ਜੀ ਦੀ ਦੂਰੁ ਸੁਝੈ=ਦੀਰਘ ਦ੍ਰਿਸ਼ਟੀ ਹੈ।