

(ਦੀਰਘ ਦ੍ਰਿਸ਼ਟੀ ਹੋਣ ਕਰ ਕੇ ਹੀ ਆਪ ਜੀ ਨੇ ਵਿਚਾਰਿਆ ਹੈ ਕਿ ਜੇਕਰ ਇਨ੍ਹਾਂ ਪਾਸ ਬਹੁਤਾ ਰੁਪਿਆ ਹੋ ਗਿਆ ਤਾਂ ਡੂਮਾਂ ਨੇ ਵਾਧੂ ਖ਼ਰਚ ਦੇ ਵਿਚ ਹੀ ਉਡਾ ਦੇਣਾ ਹੈ)
ਅਥਵਾ:- ਇਹ ਜੋ ਮਾਤਲੋਕ ਸਾਰਾ ਨੇੜੇ ਦਿਸ ਰਿਹਾ ਹੈ। ਤੁਧੁ ਸੁਝੈ ਦੂਰੁ=ਆਪ ਜੀ ਦੇ ਦਰਸ਼ਨ ਕਰਨ ਨਾਲ ਇਹ ਦੂਰ ਸੁੱਝਦਾ ਹੈ।
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥੫॥
ਫੇਰੁ=ਬਾਬਾ ਜੀ ਆਣਿ=ਸਪੁਤ੍ਰ ਜੋ ਸਤਿਗੁਰ ਅੰਗਦ ਦੇਵ ਜੀ ਹਨ, ਉਨ੍ਹਾਂ ਨੇ ਫੇਰਿ=ਮੁੜ ਆ ਕੇ ਖਡੂਰ ਨਗਰ ਨੂੰ ਵਸਾਣਾ ਕੀਤਾ ਹੈ॥੫॥
ਹੁਣ ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤੀ ਕਥਨ ਕਰਦੇ ਹਨ-
{ਪੰਨਾ ੯੬੮}
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥
ਜੋ ਤਿਲਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ ਹੈ, ਓਹੀ ਟਿਕਾ=ਤਿਲਕ ਹੈ ਤੇ ਓਹੀ ਬੈਹਣਾ= ਤਖ਼ਤ ਗੁਰਿਆਈ ਗੱਦੀ ਦਾ ਹੈ। ਜਿਸ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਬਿਠਾਇਆ ਸੀ। ਓਹੀ ਦੀਬਾਣੁ=ਸਭਾ ਹੈ ਸਿੱਖਾਂ ਰੂਪੀ। ਪਿਯੂ=ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ, ਦਾਦੇ ਸ੍ਰੀ ਗੁਰੂ ਨਾਨਕ ਦੇਵ ਜੀ, ਉਨ੍ਹਾਂ ਦੋਹਾਂ ਜੇਵਿਹਾ=ਵਰਗਾ ਪੋਤਾ=ਪੋਤਰਾ ਸ੍ਰੀ ਗੁਰੂ ਅਮਰਦਾਸ ਜੀ ਪ੍ਰਮਾਣੀਕ ਹੋਇਆ ਹੈ।
ਇਕ ਵੇਲੇ ਰਾਜਾ ਇੰਦ੍ਰ ਹਾਥੀ ਉੱਤੇ ਚੜ੍ਹਕੇ ਬਾਹਰ ਨੂੰ ਜਾ ਰਿਹਾ ਸੀ ਤਦ ਦੁਰਬਾਸ਼ਾ ਰਿਖੀ ਜੰਗਲ ਵਿਚ ਬੈਠਾ ਤਪ ਕਰ ਰਿਹਾ ਸੀ, ਉਸ ਨੂੰ ਜਦ ਪਤਾ ਲਗਾ ਕਿ ਰਾਜਾ ਇੰਦ੍ਰ ਆ ਰਿਹਾ ਹੈ ਤਦ ਉਸਦੇ ਸਵਾਗਤ ਵਾਸਤੇ ਇਕ ਸੁੰਦਰ ਫੁੱਲਾਂ ਦੀ ਮਾਲਾ ਪਰੋ ਕੇ ਰੱਖੀ। ਇੰਦ੍ਰ ਦੇ ਆਇਆਂ, ਉਸਦੇ ਗਲ ਪਾ ਦਿੱਤੀ ਤੇ ਇੰਦ੍ਰ ਨੇ ਉਹ ਮਾਲਾ ਆਪਣੇ ਗੱਲ 'ਚੋਂ ਉਤਾਰ ਕੇ ਹਾਥੀ ਦੇ ਗਲ ਪਾ ਦਿੱਤੀ, ਤਦ ਦੁਰਬਾਸ਼ਾ ਰਿਖੀ ਨੂੰ ਬੜਾ ਗੁੱਸਾ ਆਇਆ। ਕ੍ਰੋਧ ਵਿਚ ਆ ਕੇ ਸਰਾਪ ਦੇ ਦਿੱਤਾ ਕਿ ਜਿਨ੍ਹਾਂ ਮੋਤੀ ਰਤਨ ਆਦਿਕਾਂ ਦਾ ਤੈਨੂੰ ਮਾਣ ਹੈ। ਇਹ ਤੇਰੇ ਸਭ ਨਸ਼ਟ ਹੋ ਜਾਣਗੇ। ਰਿਖੀ ਦੇ ਸਰਾਪ ਕਰ ਕੇ ਜਦ ਸਾਰੇ ਰਤਨ ਵਗੈਰਾ ਨਸ਼ਟ ਹੋ ਗਏ ਤਾਂ ਇੰਦ੍ਰ ਨੇ ਭਗਵਾਨ ਜੀ ਪਾਸ ਆ ਕੇ ਬੇਨਤੀ ਕੀਤੀ=ਮਹਾਰਾਜ ! ਮੇਰੇ ਉੱਪਰ ਕਿਰਪਾ ਕਰੋ ਜੋ ਮੋਤੀ ਰਤਨ ਹੀਰੇ ਆਦਿਕਾਂ ਦੀ ਪ੍ਰਾਪਤੀ ਹੋ ਜਾਵੇ। ਇਸ ਤਰ੍ਹਾਂ ਇੰਦ੍ਰ ਦੀ ਬੇਨਤੀ ਪਰਵਾਨ ਕਰ ਕੇ ਭਗਵਾਨ ਨੇ ਸਮੁੰਦਰ ਨੂੰ ਦੁਬਾਰਾ ਮਥਿਆ ਹੈ।
ਹੁਣ ਸਮੁੰਦਰ ਦੁਬਾਰਾ ਮਥਨ (ਰਿੜਕਣ) ਵੇਲੇ ਦੀ ਗੱਲ ਸੁਣਾਂਦੇ ਹਨ। ਕਿ-