

ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥
ਨਾਨਕੁ ਤੂ=ਸ੍ਰੀ ਗੁਰੂ ਨਾਨਕ ਦੇਵ ਜੀ ਰੂਪ ਭੀ ਤੂੰਹੀਂ ਹੈਂ, ਲਹਣਾ ਤੂ ਹੈ=ਸ੍ਰੀ ਗੁਰੂ ਅੰਗਦ ਦੇਵ ਜੀ ਰੂਪ ਭੀ ਤੂਹੀਂ ਹੈਂ, ਅਤੇ ਸ੍ਰੀ ਗੁਰੂ ਅਮਰਦਾਸ ਜੀ ਰੂਪ ਵੀ ਆਪ ਜੀ ਨੂੰ ਵਿਚਾਰਿਆ ਹੈ।
ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥
ਹੇ ਸਤਿਗੁਰ ਰਾਮਦਾਸ ਸਾਹਿਬ ਜੀ ! ਜਦੋਂ ਦਾ ਆਪ ਜੀ ਦਾ ਦਰਸ਼ਨ ਵੇਖਿਆ ਹੈ, ਤਦੋਂ ਦਾ ਮਨ ਸਾਧਾਰਿਆ=ਸਹਿਤ ਆਸਰੇ ਦੇ ਹੋਇਆ ਹੈ॥੭॥
ਹੁਣ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤੀ ਕਥਨ ਕਰਦੇ ਹਨ:-
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥
ਪਹਿਲਾ ਅਰਥ-
ਜਿਸ ਵੇਲੇ ਚਹੁ ਜੁਗੀ=ਸੰਸਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਇਹ ਚਾਰੇ ਪਾਤਿਸ਼ਾਹ ਜਾਗ ਗਏ, ਭਾਵ ਜੋਤੀ ਜੋਤ ਸਮਾ ਗਏ ਤਾਂ ਪੰਚਾਇਣੁ=ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਜੀ ਰੂਪ ਆਪ ਹੀ ਪਰਮੇਸ਼ਰ ਹੋਇਆ।
ਦੂਸਰਾ ਅਰਥ-
ਚਾਰੇ ਜੁਗਾਂ ਦੇ ਚਾਰੇ ਅਵਤਾਰ ਜਾਗੇ=ਪਰਗਟ ਹੋਏ। (ਸਤਿਜੁਗ ਦਾ ਹੰਸ ਅਵਤਾਰ, ਤ੍ਰੇਤੇ ਦਾ ਰਾਮ ਅਵਤਾਰ, ਦੁਆਪੁਰ ਦਾ ਕ੍ਰਿਸ਼ਨ ਅਵਤਾਰ, ਕਲਜੁਗ ਦਾ ਨਿਹਕਲੰਕ) ਪਰ ਮਰਯਾਦਾ ਨੂੰ ਢਿੱਲਿਆਂ ਵੇਖਕੇ ਪੰਚਾਇਣੁ=ਪੰਚਮ ਗੁਰ ਅਵਤਾਰ ਆਪ ਪਰਮੇਸ਼ਰ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਗੁਰ ਪਦਵੀ ਹੋਰ ਕਿਸੇ ਨੂੰ ਨਹੀਂ ਮਿਲੀ।
ਤੀਸਰਾ ਅਰਥ-
ਚਾਰੇ ਜੁਗਾਂ ਦੇ ਚਾਰੇ ਨਾਮ ਜਾਗੇ ਤੇ ਪੰਚਾਇਣ=ਪੰਚਮ ਨਾਮ ਸਤਿਨਾਮੁ ਵਾਹਿਗੁਰੂ ਇਹ ਰੂਪ ਆਪ ਹੀ ਪਰਮੇਸ਼ਰ ਹੋਇਆ। ਜਿਸ ਸਤਿਨਾਮੁ ਦੇ ਨਾਮ ਜਪਣੇ ਕਰ ਕੇ ਚਾਰੇ ਜੁਗਾਂ ਦੇ ਚਾਰੇ ਨਾਮ ਜਪਣੇ ਦਾ ਮਹਾਤਮ ਆ ਜਾਂਦਾ ਹੈ।
ਭਾਈ ਗੁਰਦਾਸ ਜੀ ਨੇ ਖੋਲ੍ਹਕੇ ਲਿਖਿਆ ਹੈ-
ਯਥਾ- ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮ ਜਪਾਵੈ॥
ਦੁਆਪਰਿ ਸਤਿਗੁਰ ਹਰੀਕ੍ਰਿਸ਼ਨ, ਹਾਹਾ ਹਰਿ ਹਰਿ ਨਾਮੁ ਧਿਆਵੈ॥
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ॥