

ਭਰੀਐ ਮਾਗ ਸੰਧੂਰੇ ॥
ਤੇ ਮਾਗ=ਜੜਾਵਾਂ ਵਿਚ ਸੰ=ਭਲੀ ਪ੍ਰਕਾਰ ਧੂਰੇ=ਧੂੜ ਭਰਨਾ ਕੀਤੀ।
ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥
ਅਗੈ ਗਈ=ਪਰਮਾਤਮਾ ਵਲ ਬਿਰਤੀ ਜੋੜੀ ਪਰ ਨ ਮੰਨੀਆ=ਬਿਰਤੀ ਲੱਗੀ ਨਾ।
ਭਾਵ ਬ੍ਰਹਮਾਕਾਰ ਬਿਰਤੀ ਨਾ ਹੋਈ ਇਸ ਤੇ ਮੈਂ ਝੁਰ ਝੁਰ ਕੇ ਮਰਦੀ ਹਾਂ।
ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ॥
ਇਤਨੇ ਸਾਧਨ ਕਰਨ ਨਾਲ ਵੀ ਜਦ ਪਰਮੇਸ਼ਰ ਨਾ ਮਿਲਿਆ, ਤਾਂ ਮੈਂ ਬਹੁਤ ਸਾਰਾ ਰੋਵੰਦੀ=ਰੋਈ, ਮੇਰੇ ਨਾਲ ਸਾਰਾ ਜਗਤ ਵੀ ਰੁਨਾ=ਰੋਇਆ ਅਤੇ ਬਣ ਦੇ ਸਾਰੇ ਪੰਛੀ=ਬਾਨ ਪ੍ਰਸਤੀ ਵੀ ਹੋਏ ਕਿ ਇਤਨੇ ਸਾਧਨ ਇਸ ਨੇ ਕੀਤੇ ਹਨ ਤੇ ਪ੍ਰਮੇਸ਼ਰ ਫਿਰ ਵੀ ਨਹੀਂ ਮਿਲਿਆ।
ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ॥
ਅਤੇ ਜੋ ਮੇਰੇ ਤਨ ਦਾ ਵਿਛੋੜਾ ਹੈ, ਉਹ ਇੱਕ ਨ ਰੁਨਾ=ਰੋਇਆ ਜਿਸ ਨੇ ਮੈਨੂੰ ਪਤੀ ਨਾਲੋਂ ਵਿਛੋੜ ਦਿੱਤਾ ਹੈ।
ਅਥਵਾ:- ਮੇਰੇ ਪਤੀ ਨਾਲੋਂ ਵਿਛੋੜਾ ਪਾਉਣ ਵਾਲੇ ਜੋ ਕਾਮ ਆਦਿਕਾਂ ਦਾ ਪੁੰਜ (ਸਮੁਦਾਇ) ਹੈ ਉਹ ਇੱਕ ਨਾ ਰੁੰਨਾ, ਜਿਨ੍ਹਾਂ ਕਾਮ ਆਦਿਕਾਂ ਨੇ ਮੈਨੂੰ ਪਤੀ ਨਾਲੋਂ ਵਿਛੋੜ ਦਿੱਤਾ ਹੈ।
ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ॥
ਹੇ ਪਿਆਰੇ ਪਤੀ ਪਰਮਾਤਮਾ! ਮੈਂ ਤੇਰੇ ਵੱਲ ਆ ਨਹੀਂ ਸਕਦੀ ਕਿਉਂਕਿ ਨਿਸ਼ਕਪਟ ਸਾਧਨ ਕੋਈ ਕੀਤਾ ਨਹੀਂ ਅਤੇ ਨਾ ਹੀ ਕੋਈ ਇੰਦ੍ਰੀ ਆਪ ਜੀ ਦੀ ਵਲ ਭੇਜ ਸਕਦੀ ਹਾਂ ਕਿਉਂਕਿ ਇੰਦ੍ਰੀਆਂ ਸਾਰੀਆਂ ਵਿਸ਼ੇ ਪ੍ਰਾਇਣ ਹਨ।
ਅਥਵਾ:-ਇਹਨਾਂ ਇੰਦ੍ਰੀਆਂ ਦੇ ਆਪ ਵਿਸ਼ੇ ਨਹੀਂ ਹੋ।
ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ॥
ਹੇ ਸਮਾਧੀ ਰੂਪ ਸਭਾਗੀ ਨੀਂਦਰੇ! ਤੂੰ ਆ ਕੇ ਪ੍ਰਾਪਤ ਹੋ! ਮਤਾਂ ਚਿੱਤ-ਬਿਰਤੀ ਦੀ ਇਕਾਗਰਤਾ ਰੂਪ ਸੁਪਨਾ ਆ ਜਾਵੇ ਤਾਂ ਮੈਂ ਆਪਣੇ ਪਤੀ ਪਰਮਾਤਮਾ ਨੂੰ ਵੇਖ ਲਵਾਂ।
ਮਹਾਤਮਾ ਬੋਲੇ-
ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥
ਤਿਸ ਮਾਲਕ ਪਰਮਾਤਮਾ ਦੀ ਗੱਲ-ਬਾਤ ਜੇ ਤੈਨੂੰ ਕੋਈ ਆਖੈ=ਸੁਣਾਵੇ, ਤਾਂ ਉਸ ਨੂੰ ਤੂੰ ਕੀ ਦੇਵੇਂਗੀ?
ਜਗਿਆਸੂ ਰੂਪ ਸਖੀ ਨੇ ਕਿਹਾ-
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥