

ਦੀ ਲੜਾਈ ਜੈਮਲ ਫਤੇ ਅਤੇ ਚਤੌੜ ਗੜ੍ਹ ਪਰ ਹੁੰਦੀ ਨੂੰ ਕਈ ਸਾਲ ਬੀਤ ਗਏ ਸਨ, ਕਿਲ੍ਹਾ ਟੁੱਟਦਾ ਨਹੀਂ ਸੀ, ਤਾਹਰ ਬੇਗ ਖਾਂ ਸੂਬੇਦਾਰ ਨੇ ਤੇ ਟੋਡਰ ਮਲ ਖਤ੍ਰੀ ਲਾਹੌਰ ਦੇ ਦੀਵਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਪਰ ਇਸ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਹਨ ਉਹਨਾਂ ਦੀ ਮੰਨਤ ਮੰਨੋ ਤਾਂ ਭਰੋਸਾ ਹੈ ਕਿਲ੍ਹਾ ਫ਼ਤੇ ਹੋ ਜਾਵੇਗਾ। ਏਹ ਗੱਲ ਦੋਹਾਂ ਤੋਂ ਸੁਣ ਕੇ ਬਾਦਸ਼ਾਹ ਨੇ ਸ਼ਰਧਾ ਨਾਲ ਪੰਜ ਸੌ ਮੋਹਰ ਮੰਨਤ ਮੰਨੀ, ਤੇ ਤਾਹਰ ਬੇਗ ਖਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਪਾਸ ਆ ਕੇ ਅਰਜ ਕੀਤੀ ਤਾਂ ਗੁਰੂ ਜੀ ਨੇ ਸਹਜ ਸੁਭਾਵ ਬਚਨ ਕਰ ਦਿੱਤਾ, ਜਦ ਸਾਡੀ ਬਾਉਲੀ ਦਾ ਕੜ ਟੁਟੇਗਾ ਉਸੀ ਵੇਲੇ ਚਤੌੜ ਗੜ੍ਹ ਟੁਟੇਗਾ।
ਨਾਜ਼ਮ ਨੇ ਉਸੀ ਵੇਲੇ ਲਾਹੌਰ ਤੋਂ ਕਾਰੀਗਰ ਬੁਲਾ ਕੇ ਕੜ ਤੋੜਨ ਲਈ ਲਗਾ ਦਿੱਤੇ। ਮਾਣਕ ਚੰਦ ਭੀ ਨਾਲ ਲਗਾ ਹੋਇਆ ਸੀ। ਚੌਥੇ ਦਿਨ ੨੩ ਚੇਤ੍ਰ ਸੰਮਤ ੧੬੨੧ ਨੂੰ ਜਿਸ ਵੇਲੇ ਏਧਰ ਬਾਉਲੀ ਦਾ ਕੜ ਟੁਟਿਆ ਹੈ ਉਸੀ ਵੇਲੇ ਓਧਰ ਚਤੌੜ ਦਾ ਕਿਲ੍ਹਾ ਫ਼ਤੇ ਹੋ ਗਿਆ। ਇਹ ਗੱਲ ਸੁਣ ਕੇ ਬਾਦਸ਼ਾਹ ਬੜਾ ਖ਼ੁਸ਼ ਹੋਇਆ ਤੇ ਨੰਗੀ ਪੈਰੀਂ ਚੱਲ ਕੇ ਆਇਆ। ਨਜ਼ਰ ਭੇਟ ਪੰਜ ਸੌ ਮੋਹਰ ਦਿੱਤੀ ਤੇ ੧੨ ਪਿੰਡ ਪ੍ਰਗਣੇ ਝਬਾਲ ਦਾ ਪਟਾ ਲਿਖਵਾ ਕੇ ਗੁਰੂ ਜੀ ਦੀ ਭੇਟ ਕੀਤਾ, ਪਰ ਗੁਰੂ ਜੀ ਨੇ ਜਗੀਰ ਨੂੰ ਕਲੇਸ਼ ਤੇ ਪ੍ਰਾਧੀਨਤਾ ਦਾ ਭੰਡਾਰ ਸਮਝ ਕੇ ਲੈਣ ਤੋਂ ਜਵਾਬ ਦੇ ਕੇ ਆਖਿਆ ਏਹ ਲੰਗਰ ਭੀ ਬਾਦਸ਼ਾਹ ਦਾ ਹੈ, ਅਸੀਂ ਇਤਨਾ ਹੀ ਵੰਡਣ ਦੀ ਸ਼ਕਤੀ ਰਖਦੇ ਹਾਂ, ਅਧਿਕ ਪਕਾਉਣਾ ਤੇ ਵੰਡਣਾ ਭਾਰ ਮਲੂਮ ਹੁੰਦਾ ਹੈ।
ਗੁਰੂ ਜੀ ਦੇ ਮੂੰਹੋਂ ਜਵਾਬ ਸੁਣ ਕੇ ਬਾਦਸ਼ਾਹ ਨੇ ਕਿਹਾ - ਜੇਕਰ ਆਪ ਨਹੀਂ ਲੈਂਦੇ ਤਾਂ ਜੈਸੀ ਬੇਟੀ ਆਪ ਜੀ ਦੀ ਬੀਬੀ ਭਾਨੀ ਹੈ ਤੈਸੀ ਹੀ ਮੇਰੀ ਹੈ ਅਸੀਂ ਉਸਨੂੰ ਏਹ ਪਟਾ ਦੇਂਦੇ ਹਾਂ।
ਮਾਣਕ ਚੰਦ :- ਵੈਰੋਵਾਲ ਦਾ ਵਸਨੀਕ ਇਕ ਪਥਰੀਆ ਖਤ੍ਰੀ, ਜਿਸ ਨੇ ਗੋਇੰਦਵਾਲ ਦੀ ਬਾਉਲੀ ਦਾ ਕੜ ਤੋੜਿਆ ਹੈ ਤੇ ਡੁਬ ਕੇ ਮਰ ਗਿਆ ਸੀ, ਫੇਰ ਸ੍ਰੀ ਗੁਰੂ ਅਮਰਦਾਸ ਜੀ ਨੇ ਉਸ ਨੂੰ ਜੀਵਨ ਬਖ਼ਸ਼ ਕੇ 'ਜੀਵੜਾ" ਨਾਮ ਰਖਿਆ। ਇਹ ਬੜੀ ਕਰਨੀ ਵਾਲਾ ਗੁਰਮੁਖ ਹੋਇਆ ਹੈ, ਇਸ ਨੂੰ ਗੁਰੂ ਅਮਰਦਾਸ ਜੀ ਨੇ ਪ੍ਰਚਾਰਕ ਦੀ ਮੰਜੀ ਬਖ਼ਸ਼ੀ, ਇਸ ਦੀ ਔਲਾਦ ਹੁਣ ਤਕ ਵੈਰੋਵਾਲ ਵਿਚ 'ਜੀਵੜੇ’ ਕਰਕੇ ਪ੍ਰਸਿੱਧ ਹਨ, ਏਸੇ ਦੀ ਸੰਗਤ ਕਰ ਕੇ ਮਾਈ ਦਾਸ ਬੈਰਾਗੀ ਗੁਰਸਿਖੀ ਦਾ ਅਧਿਕਾਰੀ ਹੋਇਆ ਸੀ।
ਸਾਰੀ ਉਮਰ - ਇਕ ਸੌ ਪੰਜ ਸਾਲ ਚਾਰ ਮਹੀਨੇ ਇਕ ਦਿਨ ਹੈ।
ਜੋਤੀ ਜੋਤ - ਭਾਦਰੋਂ ਸੁਦੀ ਪੂਰਨਮਾਸ਼ੀ ੧੬੩੧ ਬਿਕ੍ਰਮੀ, ਮੁਤਾਬਿਕ ੧ ਅਕਤੂਬਰ ੧੫੭੪ ਈ: ਗੋਇੰਦਵਾਲ ਸਾਹਿਬ।
ਹਕੂਮਤ - ਅਕਬਰ ਬਾਦਸ਼ਾਹ ਦੀ।