

ਛੇਵੀਂ ਪਾਤਿਸ਼ਾਹੀ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਆਪ ਜੀ ਦਾ ਅਵਤਾਰ ਸੋਢੀ ਬੰਸ ਵਿਖੇ ਹੋਇਆ ਹੈ।
ਅਵਤਾਰ ਸਥਾਨ-
ਵਡਾਲੀ ਸਾਹਿਬ (ਸ੍ਰੀ ਅੰਮ੍ਰਿਤਸਰ ਤੋਂ ਚਾਰ ਮੀਲ ਤੇ ਹੈ)।
ਅਵਤਾਰ ਸੰਮਤ -
੨੧ ਹਾੜ, ਹਾੜ ਵਦੀ ਏਕਮ ੧੬੫੨ ਬਿਕ੍ਰਮੀ, ਮੁਤਾਬਕ ੬ ਜੂਨ ੧੬੯੬ ਈ:।

ਮਹਿਲ -
ਆਪ ਜੀ ਦੇ ਤਿੰਨ ਮਹਿਲ ਸਨ - ਮਾਤਾ ਦਮੋਦਰੀ ਜੀ *ਡੱਲੇ ਤੋਂ। ਮਾਤਾ ਨਾਨਕੀ ਜੀ ਬਾਬੇ ਬਕਾਲੇ ਤੋਂ। ਮਾਤਾ ਮਰਵਾਹੀ ਜੀ ਮੰਡਿਆਲੀ ਤੋਂ।
ਸਪੁਤ੍ਰ - ਮਾਤਾ ਦਮੋਦਰੀ 'ਚੋਂ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਵੀਰੋ ਜੀ ਹੋਏ।
ਮਾਤਾ ਨਾਨਕੀ 'ਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਾਬਾ ਅਟੱਲ ਸਾਹਿਬ ਜੀ।
-------------------------
*ਰਿਆਸਤ ਕਪੂਰਥਲਾ ਤਸੀਲ ਥਾਣਾ ਸੁਲਤਾਨ ਪੁਰ ਦਾ ਏਹ ਇਕ ਪਿੰਡ ਹੈ ਡੱਲਾ, ਜੋ ਰੇਲਵੇ ਸਟੇਸ਼ਨ ਲੋਹੀਆਂ ਤੋਂ ਤਿੰਨ ਮੀਲ ਪੂਰਬ ਵਲ ਹੈ।
ਛੇਵੇਂ ਗੁਰੂ ਜੀ ਦਾ ਸਾਂਢੂ ਸਾਂਈਂ ਦਾਸ ਡਰੌਲੀ ਵਿਚ ਰਹਿੰਦਾ ਸੀ, ਉਸਦੇ ਪ੍ਰੇਮ ਕਰ ਕੇ ਗੁਰੂ ਜੀ ਕਈ ਵਾਰ ਡਰੌਲੀ ਵਿਚ ਆ ਕੇ ਚਿਰੰਕਾਲ ਰਹਿੰਦੇ ਰਹੇ ਹਨ, ਏਸੇ ਥਾਂ ਤੋਂ ਜਾ ਕੇ ਗੁਰੂ ਜੀ ਨੇ ਭਾਈ ਰੂਪੇ ਦਾ ਠੰਢਾ ਜਲ ਛਕਿਆ ਸੀ। ਬਾਬੇ ਗੁਰਦਿੱਤੇ ਜੀ ਦਾ ਜਨਮ ਭੀ ਡਰੌਲੀ ਵਿਚ ਹੋਇਆ ਹੈ, ਜਨਮ ਅਸਥਾਨ ਤੇ ਦਮਦਮਾ ਬਣਿਆ ਹੋਇਆ ਹੈ। ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਲਗਵਾਇਆ ਹੋਇਆ ਇਥੇ ਇਕ ਖੂਹ ਭੀ ਹੈ, ਮਾਤਾ ਦਮੋਦਰੀ ਦਾ ਦੇਹਾਂਤ ਇਥੇ ਹੀ ਹੋਇਆ ਹੈ, ਦੇਹੁਰਾ ਬਣਿਆ ਹੋਇਆ ਹੈ। ਪਿੰਡ ਤੋਂ ਬਾਹਰ ਜਿਥੇ ਦੀਵਾਨ ਲਗਾਇਆ ਕਰਦੇ ਸਨ ਓਥੇ ਸੁੰਦਰ ਦਰਬਾਰ ਹੈ ਇਸ ਨੂੰ ੧੮੦ ਘੁਮਾਉਂ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀ ਹੋਈ ਹੈ। ਏਥੇ ਡਰੌਲੀ ਵਿਚ ਹੀ ਨੰਦ ਚੰਦ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੋ ਉਸ ਨੇ ਉਦਾਸੀ ਸੰਤਾਂ ਤੋਂ ਲੀਤਾ ਹੋਇਆ ਸੀ, ਮੁੜ ਦਿੱਤਾ ਨਹੀਂ। (ਜ਼ਿਲ੍ਹਾ ਫ਼ਿਰੋਜ਼ਪੁਰ ਤਸੀਲ ਥਾਣਾ ਮੋਗੇ ਦਾ ਪਿੰਡ ਹੈ ਡਰੌਲੀ)।