Back ArrowLogo
Info
Profile

ਜਾਗਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਅਵਤਾਰ ਧਾਰਨ ਸੰਮਤ- ਇਸ ਤੋਂ ਪਹਿਲਾਂ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤਕ ਗੁਰਬਾਣੀ ਪੋਥੀਆਂ ਦੇ ਰੂਪ ਵਿਚ ਸੀ। ਜਿਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵੱਡੇ ਪੁਤਰ ਬਾਬਾ ਮੋਹਣ ਜੀ ਨੇ ਪਿਤਾ ਜੀ ਦਾ ਬਚਨ ਮੰਨ ਕੇ ਸ਼ਾਂਤੀ ਦੀ ਪ੍ਰਾਪਤੀ ਲਈ ਆਪਣੇ ਪੁਤਰ ਸੰਸਰਾਮ ਜੀ ਪਾਸੋਂ ਇਕੱਠੀਆਂ ਕਰਵਾਈਆਂ ਸਨ।

ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਪਾਤਿਸ਼ਾਹ ਗੁਰਤਾ ਗੱਦੀ ਉਪਰ ਬਿਰਾਜਮਾਨ ਹੋਏ ਹਨ ਤਿਸ ਵੇਲੇ ਜੀਵਾਂ ਦੀ ਕਲਿਆਨਤਾ ਵਾਸਤੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਬ੍ਰਹਮ ਦਾ ਪੂਜਨ ਕਰਨ ਲਈ ਜਹਾਜ਼ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦਾ ਸੰਕਲਪ ਕਰ ਕੇ ਸੰਗਤਾਂ ਸਹਿਤ ਨੰਗੇ ਪੈਰੀਂ ਅੰਮ੍ਰਿਤਸਰੋਂ ਚਲ ਕੇ ਗੋਇੰਦਵਾਲ ਪੁਜੇ ਹਨ। ਗੋਇੰਦਵਾਲੋਂ ਸਭ ਪੋਥੀਆਂ ਬਾਬਾ ਮੋਹਣ ਜੀ ਪਾਸੋਂ ਲੈ ਕੇ ਅਤੇ ਉਹਨਾਂ ਨੂੰ ਸ਼ਾਂਤੀ ਬਖ਼ਸ਼ ਕੇ ਪਾਲਕੀ ਵਿਖੇ ਰੱਖ ਕੇ ਵਾਪਸ ਆਪ ਚੌਰ ਕਰਦੇ ਅੰਮ੍ਰਿਤਸਰ ਪੁਜ ਕੇ ਮੰਜੀ ਸਾਹਿਬ ਵਾਲੇ ਅਸਥਾਨ ਤੇ ਬੈਠਿਆਂ ਪੋਥੀਆਂ ਪ੍ਰਕਾਸ਼ ਕਰਦਿਆਂ ਕਿਹਾ -"ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥"

ਪੁਨਾ - ਸ੍ਰੀ ਰਾਮਸਰ ਵਾਲੇ ਅਸਥਾਨ ਪਰ ਇਸਥਿਤ ਹੋ ਕੇ ਭਾਈ ਗੁਰਦਾਸ ਜੀ ਪਾਸੋਂ ਸਾਰੀ ਬਾਣੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕਰ ਕੇ ਤਰਤੀਬਵਾਰ ਪਹਿਲੀ ਪਾਤਿਸ਼ਾਹੀ, ਦੂਸਰੀ, ਤੀਸਰੀ, ਚਉਥੀ, ਪੰਜਵੀਂ, ਫਿਰ ਵਾਰਾਂ। ਵਾਰਾਂ ਉਪਰੰਤ ਭਗਤ ਬਾਣੀ ਤੇ ਵਾਰਾਂ ਤੋਂ ਵਧਦੇ ਸਲੋਕ ਲਿਖਵਾ ਕੇ ਅਖੀਰ ਤੇ ਰਾਗ ਮਾਲਾ ਲਿਖ ਕੇ ਸਮਾਪਤੀ ਕੀਤੀ। ਉਪਰੰਤ ਭਾਦਰੋਂ ਸੁਦੀ ਏਕਮ ੧੬੬੧ ਬਿਕ੍ਰਮੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ।

ਗੁਰਤਾ ਗੱਦੀ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਧੀਰਮਲ ਨੇ ਪੰਚਮ ਪਾਤਿਸ਼ਾਹ ਵਾਲੀ ਬੀੜ ਦੇਣੋਂ ਇਨਕਾਰ ਕਰ ਦਿੱਤਾ ਉਸ ਵੇਲੇ ਦਸਮ ਪਿਤਾ ਜੀ ਨੇ ਆਪਣੀ ਰੁਹਾਨੀ ਤਾਕਤ ਨਾਲ ਗੁਰੂ ਕੀ ਕਾਸ਼ੀ, ਸਾਬੋ ਕੀ ਤਲਵੰਡੀ, ਸ੍ਰੀ ਦਮਦਮਾ ਸਾਹਿਬ ਵਿਖੇ ਪੰਚਮ ਪਾਤਿਸ਼ਾਹ ਜੀ ਦੀ ਬੀੜ ਦਾ ਆਦਿ ਤੋਂ ਅੰਤ ਤਕ ਉਚਾਰਣ ਕੀਤਾ, ਅਰ ਨੌਵੇਂ ਪਾਤਿਸ਼ਾਹ ਜੀ ਦੀ ਉਚਾਰੀ ਹੋਈ ਬਾਣੀ ਭੀ ਰਾਗਾਂ ਅਨੁਸਾਰ ਅੰਕਤ ਕੀਤੀ ਜਿਸ ਦੇ ਲਿਖਾਰੀ ਭਾਈ ਮਨੀ ਸਿੰਘ ਜੀ 'ਸ਼ਹੀਦ' ਸਨ। ਉਪਰੰਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੋਤੀ ਜੋਤ ਸਮਾਉਣ ਸਮੇਂ ਸੰਮਤ ੧੭੬੫ ਬਿ: ਕੱਤਕ ਸੁਦੀ ਦੂਜ ਨੂੰ ਪੰਜ ਪੈਸੇ ਤੇ ਨਾਰੀਅਲ ਮੱਥਾ ਟੇਕ ਕੇ ਪੰਜ ਪ੍ਰਕਰਮਾ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ ਜੁਗ ਅਟੱਲ ਗੱਦੀ ਦੇ ਕੇ ਖਾਲਸਾ ਪੰਥ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ  ਲਗਾਇਆ।

***

319 / 355
Previous
Next