

ਵਿਸਮਾਦੁ ਦੇਖੈ ਹਾਜਰਾ ਹਜੂਰਿ ॥
ਉਸ ਪਰਮੇਸ਼ਰ ਨੂੰ ਹਾਜ਼ਰਾ ਹਜ਼ੂਰ ਦੇਖਣਾ ਇਹ ਭੀ ਵਿਸਮਾਦ ਰੂਪ ਹੈ।
ਅਥਵਾ:- ਹਜੂਰਿ=ਪ੍ਰਪੰਚ ਵਿਚ ਪਰਮੇਸ਼ਰ ਨੂੰ ਹਾਜਰਾ=ਸਮੀਪ ਵੇਖਣਾ ਇਹ ਵੀ ਵਿਸਮਾਦ ਰੂਪ ਹੈ।
ਵੇਖਿ ਵਿਡਾਣੁ ਰਹਿਆ ਵਿਸਮਾਦੁ॥
ਇਸ ਵਿਡਾਣੁ=ਅਸਚਰਜ ਨੂੰ ਵੇਖ ਕੇ ਮੈਂ ਵੀ ਅਸਚਰਜ ਹੋ ਰਿਹਾ ਹਾਂ।
ਅਥਵਾ:-ਇਸ ਅਸਚਰਜ ਨੂੰ ਦੇਖ ਕੇ ਅਸਚਰਜ ਵਸਤੂ ਭੀ ਅਸਚਰਜ ਹੋ ਰਹੀ ਹੈ।
ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਹੇ ਪ੍ਰਭੋ! ਆਪ ਸਭ ਵਿਸਮਾਦ ਵਿਸਮਾਦ ਹੀ ਕਹੀ ਗਏ ਕੁਝ ਪਤਾ ਨਾ ਲੱਗਾ ਕਿ ਵਿਸਮਾਦ ਕਿਸਨੂੰ ਆਖਦੇ ਹਨ। ਤਾਂ ਸਤਿਗੁਰਾਂ ਕਿਹਾ ਵਿਸਮਾਦ ਦੋ ਵਸਤੂਆਂ ਵਿਚ ਘਟਦਾ ਹੈ, ਇਕ ਈਸ਼ਵਰ ਵਿਚ ਦੂਜਾ ਮਾਇਆ ਵਿਚ, ਇਸ ਜਗ੍ਹਾ ਮਾਇਆ ਦਾ ਵਾਚਕ ਜਾਣ ਲੈਣਾ। ਵਿਸਮਾਦ ਨਾਮ ਅਸਚਰਜ ਦਾ ਹੈ। ਅਸਚਰਜ ਨਾਮ ਮਾਇਆ ਦਾ ਹੈ।
ਇਸ ਤੇ ਇਹ ਸਿੱਧ ਹੋਇਆ ਕਿ ਦੁਨੀਆਂ ਦਾ ਸਭ ਵਿਹਾਰ ਮਾਇਆ ਮਾਤਰ ਹੈ।
ਨਾਨਕ ਬੁਝਣੁ ਪੂਰੈ ਭਾਗਿ॥੧॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ— ਇਸ ਗੱਲ ਦਾ ਬੁਝਣਾ ਪੂਰੇ ਭਾਗਾਂ ਨਾਲ ਹੁੰਦਾ ਹੈ, ਕਿਉਂਕਿ ਪੂਰੇ ਭਾਗਾਂ ਕਰਕੇ ਸੰਤਾਂ ਦਾ ਸੰਗ ਮਿਲਦਾ ਹੈ ਤੇ ਸੰਤਾਂ ਦੇ ਸੰਗ ਦੁਆਰਾ ਹੀ ਇਹ ਨਿਸਚੇ ਹੁੰਦਾ ਹੈ ਕਿ ਸਾਰਾ ਪ੍ਰਪੰਚ ਮਾਇਆ ਮਾਤ੍ਰ ਭਾਵ ਮਿਥਿਆ ਹੈ॥੧॥
ਮਃ ੧ ॥
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਹੇ ਸ਼ੇਖ ਬ੍ਰਹਮ ! ਕੁਦਰਤਿ=ਮਾਇਆ ਕਰਕੇ ਹੀ ਦਿੱਸਣਾ ਹੋ ਰਿਹਾ ਹੈ। ਕੁਦਰਤਿ=ਮਾਇਆ ਕਰਕੇ ਹੀ ਸੁਣਨਾ ਹੋ ਰਿਹਾ ਹੈ। ਮਾਇਆ ਕਰਕੇ ਹੀ ਸਾਰੁ=ਸ੍ਰੇਸ਼ਟ ਸੁਖ ਭਉ=ਹੋ ਰਿਹਾ ਹੈ। ਅਥਵਾ-ਮਾਇਆ ਵਿਚ ਹੀ ਖ਼ੌਫ਼ ਤੇ ਕੁਦਰਤਿ=ਮਾਇਆ ਵਿਚ ਹੀ ਸ੍ਰੇਸ਼ਟ ਆਤਮਕ ਸੁਖ ਹੋ ਰਿਹਾ ਹੈ। (ਇਹ ਪ੍ਰਕਰਣ ਬਦਲ ਦੇਣਾ) ਕੁਦਰਤੀ ਵਾਲੇ ਪਰਮੇਸ਼ਰ ਵਿਚ ਦਿੱਸਣਾ ਹੋ ਰਿਹਾ ਹੈ। ਕੁਦਰਤੀ ਵਾਲੇ ਪਰਮੇਸ਼ਰ ਵਿਚ ਹੀ ਸੁਣਨਾ ਹੋ ਰਿਹਾ ਹੈ, ਪਰਮੇਸ਼ਰ ਵਿਚ ਹੀ ਖ਼ੌਫ਼ ਤੇ ਪਰਮੇਸ਼ਰ ਵਿਚ ਹੀ ਸ੍ਰੇਸ਼ਟ ਸੁਖ ਹੋ ਰਿਹਾ ਹੈ।