

ਅਥਵਾ:-ਮਾਰ ਤੋਂ ਬਚਣ ਲਈ ਇਹ ਜੀਵ ਦੋ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਹੁਣ ਮੈਨੂੰ ਛੱਡ ਦਿਓ ਮੈਂ ਫੇਰ ਨਹੀਂ ਕਰਾਂਗਾ ਤਾਂ ਜਮਦੂਤ ਅੱਗੋਂ ਇਸ ਤਰ੍ਹਾਂ ਆਖਦੇ ਹਨ ਹੁਣ ਤੇਰੇ ਰੂਆਇਆ=ਬਚਨਾਂ ਨੂੰ ਭਲਾ ਕੌਣ ਸੁਣਦਾ ਹੈ।
ਮਨਿ ਅੰਧੈ ਜਨਮੁ ਗਵਾਇਆ॥੩॥
ਇਸ ਅੰਧੇ ਮਨਿ=ਜੀਵ ਨੇ ਮਨੌਤੀਆਂ ਵਿਖੇ ਲੱਗਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਨਿਸਫਲ ਹੀ ਗਵਾ ਲਿਆ ਹੈ।
ਸਲੋਕ ਮ: ੧ ॥
ਪ੍ਰਸ਼ਨ- ਇਹ ਸਾਰਾ ਪ੍ਰਪੰਚ ਭੈ ਤੋਂ ਰਹਿਤ ਹੈ ਕਿ ਭੈ ਦੇ ਸਹਿਤ ਹੈ ?
ਸਤਿਗੁਰ ਦੇਵ ਜੀ ਆਖਦੇ ਹਨ, ਹੇ ਸ਼ੇਖ ਬ੍ਰਹਮ ! ਸਭ ਪਰਮੇਸ਼ਰ ਦੇ ਖ਼ੌਫ਼ ਵਿਚ ਹਨ।
ਭੈ ਵਿਚਿ ਪਵਣੁ ਵਹੈ ਸਦਵਾਉ ॥
ਪਹਿਲਾ ਅਰਥ-
ਸਦਵਾਉ=ਸਦਗਤੀ* ਵਾਲੀ ਪੌਣ ਉਸ ਪਰਮੇਸ਼ਰ ਦੇ ਭੈ ਵਿਚ ਵਹੈ=ਚੱਲ ਰਹੀ ਹੈ।
ਦੂਸਰਾ ਅਰਥ-
ਸਦਵਾਉ=ਝਾਜੂ=ਹਨੇਰੀ ਤੇ ਪੌਣ ਦੋਨੋਂ ਉਸ ਦੇ ਭੈ ਵਿਚ ਚੱਲ ਰਹੇ ਹਨ।
ਤੀਸਰਾ ਅਰਥ-
ਸਦਵਾਉ=ਪ੍ਰਗਟ ਹੀ ਪਵਨ ਦੇਵਤਾ ਓਸ ਪਰਮੇਸ਼ਰ ਦੇ ਭੈ ਵਿਚ ਚੱਲ ਰਿਹਾ ਹੈ**।
ਚੌਥਾ ਅਰਥ-
ਸਦ=ਹਮੇਸ਼ਾਂ ਵਾਯੂ ਤੇ ਪਾਵਣੁ=ਸਵਾਸ ਪਰਮਾਤਮਾ ਦੇ ਖ਼ੌਫ਼ ਵਿਚ ਚਲ ਰਹੇ ਹਨ।
ਭੈ ਵਿਚਿ ਚਲਹਿ ਲਖ ਦਰੀਆਉ ॥
ਪ੍ਰਤੱਖ ਲੱਖਾਂ ਦਰਿਆਉ ਪਰਮੇਸ਼ਰ ਦੇ ਖ਼ੌਫ਼ ਵਿਚ ਵਗ ਰਹੇ ਹਨ।
ਭੈ ਵਿਚਿ ਅਗਨਿ ਕਢੈ ਵੇਗਾਰਿ ॥
-----------------
*ਹਮੇਸ਼ਾਂ ਚੰਗੀ ਚਾਲ ਚੱਲਣ ਵਾਲੀ।
** ਪ੍ਰਮਾਣ-ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ॥
ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ॥
(ਰਾਮਕਲੀ ਕੀ ਵਾਰ, ਪੰਨਾ ੯੪੮)