

ਨਿਰੰਕਾਰ ਅਕਾਲ ਪੁਰਖ ਖ਼ੌਫ਼ ਤੋਂ ਰਹਿਤ ਹੈ।
ਉਸ ਤੋਂ ਭਿੰਨ ਹੋਰ ਕਿਤਨੇ ਹੀ ਰਾਮ ਚੰਦਰ ਤੋਂ ਆਦਿ ਲੈ ਕੇ ਜਿਹੜੇ ਅਵਤਾਰ ਹਨ, ਓਹ ਸਭ ਰਵਾਲ ਰੂਪ ਭਾਵ ਖ਼ੌਫ਼ ਸਹਿਤ ਹਨ, ਕਿਉਂਕਿ ਲਛਮਨ ੧੨ ਸਾਲ ਬਨਬਾਸ ਵਿਖੇ ਧਨੁਖ ਬਾਣ ਲੈ ਕੇ ਸ੍ਰੀ ਰਾਮ ਚੰਦਰ ਜੀ ਦੇ ਪਾਸ ਪਹਿਰੇ ਤੇ ਖੜਾ ਰਿਹਾ ਹੈ। ਅਥਵਾ:-ਉਸ ਈਸ਼ਵਰ ਦੇ ਦਰਬਾਰ ਵਿਚ ਰਾਮ ਚੰਦਰ ਆਦਿ ਅਵਤਾਰ ਰਵਾਲ=ਧੂੜ ਮੇਲਣ ਵਾਲੇ ਭਾਵ ਝਾੜੂ ਫੇਰਨ ਵਾਲੇ ਹਨ।
ਯਥਾ-ਸ੍ਰੀ ਦਸਮ ਗੁਰੂ ਗਰੰਥ ਸਾਹਿਬ ਜੀ ਵਿਚ ਲਿਖਿਆ ਹੈ-
ਕਿਤੇ ਰਾਮ ਬਾਰ ਬੁਹਾਰ॥'
ਅਥਵਾ:-ਇਕ ਰਾਮ ਨਿਰੰਕਾਰ ਨਿਰਭਉ ਇਸਥਿਤ ਹੈ। ਹੋਰ ਕਿਤਨੇ ਹੀ ਜੀਵ ਰਵਾਲ=ਧੂੜ ਰੂਪ ਭਾਵ ਤੁਛ ਹਨ, ਕਿਉਂਕਿ ਉਹ ਆਪਣੇ ਉਦਰ ਪੂਰਨੇ ਲਈ ਸੱਚਾਈ ਤੋਂ ਬਿਨਾਂ ਹੋ ਕੇ ਅਵਤਾਰਾਂ ਦੇ ਸਵਾਂਗ ਧਾਰ ਕੇ ਰਾਸ ਪਾਉਂਦੇ ਹਨ।
ਕੇਤੀਆ ਕੰਨ੍ ਕਹਾਣੀਆ ਕੇਤੇ ਬੇਦ ਬੀਚਾਰ ॥
ਭਾਗਵਤ ਵਿਖੇ ਕਿਤਨੀਆਂ ਹੀ ਕੰਨ੍-ਕ੍ਰਿਸ਼ਨ ਦੇਵ ਜੀ ਦੀਆਂ ਕਹਾਣੀਆਂ ਲਿਖੀਆਂ ਹਨ।
ਅਥਵਾ:-ਕਿਤਨੇ ਹੀ ਰਾਸਾਂ ਪਾ ਕੇ ਕਹਾਣੀਆਂ ਦੇ ਕੰਨ=ਕਰਨ ਵਾਲੇ ਹਨ ਕਿਤਨੇ ਹੀ ਬੇਦ ਹਨ ਅਤੇ ਕਿਤਨੇ ਹੀ ਉਹਨਾਂ ਬੇਦਾਂ ਦੇ ਵਿਚਾਰਨ ਵਾਲੇ ਹਨ।
ਕੇਤੇ ਨਚਹਿ ਮੰਗਤੇ
ਔਰ ਕਿਤਨੇ ਮੰਗਤੇ ਲੋਕ ਨੱਚਦੇ ਹਨ।
ਗਿੜਿ ਮੁੜਿ ਪੂਰਹਿ ਤਾਲ॥
ਮੁੜਕੇ ਗਿੜਿ=ਡਿੱਗ ਪੈਂਦੇ ਹਨ, ਤਾਲਾਂ ਨੂੰ ਪੂਰਾ ਕਰਨ ਵਾਸਤੇ।
ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥
ਬਾਜਾਰੀ=ਮਸ਼ਕਰੇ ਬਾਜ਼ਾਰਾਂ ਵਿਚ ਆ ਕੇ ਬਾਜਾਰ=ਤਮਾਸ਼ਿਆਂ ਨੂੰ ਕੱਢ ਕੇ ਭਾਵ ਦਿਖਾਉਂਦੇ ਹਨ।
ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ॥
ਦਸਰਥ ਤੇ ਹਰੀ ਚੰਦ ਆਦਿ ਰਾਜਿਆਂ ਦੇ ਅਤੇ ਤਾਰਾ ਆਦਿ ਰਾਣੀਆਂ ਦੇ ਪ੍ਰਸੰਗਾਂ ਨੂੰ ਗਾਇਨ ਕਰਦੇ ਹਨ।