

ਧਰ+ਤੀ=ਤ੍ਰਿਯਾ ਧਾਰੀ ਹੋਈ ਹੈ ਅਰਥਾਤ ਜੋ ਸਰਗੁਣ ਸਰੂਪ ਹੈ, ਉਸ ਨੂੰ ਤੂੰ ਆਪਣੇ ਨਾਲ ਨਿਸਚੇ ਕਰ।
'ਗਾਵਨਿ ਗੋਪੀਆ ਗਾਵਨਿ ਕਾਨੁ॥'
ਗੋਪੀਆ=ਇੰਦਰੀਆਂ ਵੀ ਉਸ ਦੇ ਜਸ ਨੂੰ ਗਾਵਨ। ਕਾਨ=ਅੰਤਹਕਰਣ ਵੀ ਉਸ ਦੇ ਜਸ ਨੂੰ ਗਾਇਨ ਕਰੇ।
ਗਾਵਨਿ ਸੀਤਾ ਰਾਜੇ ਰਾਮ॥
ਸਾਰਿਆਂ ਨਾਲ ਸੀਤਾ=ਮਿਲਿਆ ਹੋਇਆ ਜੋ ਰਾਜਾ=ਪ੍ਰਕਾਸ਼ ਸਰੂਪ ਰਾਮ ਹੈ ਉਸ ਦੇ ਜਸ ਨੂੰ ਉਚਾਰਨਾ ਕਰ।
ਨਿਰਭਉ ਨਿਰੰਕਾਰੁ ਸਚੁ ਨਾਮੁ॥
ਉਸ ਨਿਰੰਕਾਰ ਦਾ ਸੱਚਾ ਨਾਮ ਨਿਰ+ਭਉ=ਖ਼ੌਫ਼ ਤੋਂ ਰਹਿਤ ਕਰਨ ਵਾਲਾ ਹੈ।
ਜਾ ਕਾ ਕੀਆ ਸਗਲ ਜਹਾਨੁ ॥
ਜਿਸ ਪਰਮੇਸ਼ਰ ਦਾ ਕੀਤਾ ਹੋਇਆ ਇਹ ਸਾਰਾ ਜਗਤ ਹੈ।
ਪ੍ਰਸ਼ਨ-ਨਾਮ ਕਿਵੇਂ ਮਿਲੇ ?
ਉੱਤਰ-
ਸੇਵਕ ਸੇਵਹਿ ਕਰਮਿ ਚੜਾਉ ॥
ਜੋ ਸੇਵਕ ਹੋ ਕੇ ਸੇਵਾ ਕਰਦਾ ਹੈ ਉਸ ਦੇ ਮਨ ਰੂਪੀ ਬਸਤ੍ਰ ਨੂੰ ਪਰਮੇਸ਼ਰ ਕ੍ਰਿਪਾ ਕਰਕੇ ਨਾਮ ਦਾ ਰੰਗ ਚੜਾਉ=ਚਾੜ੍ਹਦਾ ਹੈ।
ਭਿੰਨੀ ਰੈਣਿ ਜਿਨਾ ਮਨਿ ਚਾਉ ॥
ਜਿਸ ਦੇ ਮਨ ਵਿਚ ਉਸ ਦੀ ਪ੍ਰਾਪਤੀ ਦਾ ਉਤਸ਼ਾਹ ਹੋ ਰਿਹਾ ਹੈ, ਉਹਨਾਂ ਦੀ ਅਵਸਥਾ ਰੂਪੀ ਰਾਤ ਪ੍ਰੇਮ ਵਿਚ ਭਿੱਜੀ ਹੈ।
ਪ੍ਰਸ਼ਨ-ਸਿੱਖ ਕੌਣ ਹੈ? ਉੱਤਰ-
ਸਿਖੀ ਸਿਖਿਆ ਗੁਰ ਵੀਚਾਰਿ ॥
ਗੁਰਾਂ ਦੇ ਵਿਚਾਰ ਦੁਆਰਾ ਜਿਨ੍ਹਾਂ ਪੁਰਸ਼ਾਂ ਨੇ ਸਿੱਖੀ ਧਾਰਨੀ ਸਿੱਖੀ ਹੈ, ਉਹ ਅਸਲ ਸਿੱਖ ਹੈ।
ਅਥਵਾ:-ਗੁਰਾਂ ਦੇ ਵਿਚਾਰ ਦੁਆਰਾ ਜਿਨ੍ਹਾਂ ਪੁਰਸ਼ਾਂ ਨੇ ਉਹਨਾਂ ਦੀ ਸਿੱਖਿਆ ਨੂੰ ਸਿੱਖਿਆ ਭਾਵ ਗ੍ਰਹਿਣ ਕੀਤਾ ਹੈ ਓਹ ਅਸਲ ਸਿੱਖ ਹੈ।