Back ArrowLogo
Info
Profile

ਹੋਰ ਗ੍ਰੰਥਾਂ ਦੇ ਪ੍ਰਮਾਣ-

ਇਨਸਾਨ ਬੰਦਗੀ ਤੋਂ ਬਿਨਾਂ ਪਸ਼ੂਆਂ ਵਤ ਹੈ।

ਯਥਾ- ਅਹਾਰ ਨਿੰਦ੍ਰਾ ਭਯ ਮੇਥਨਾਨਿ ਸਾਮਾਨ ਮੇਤਤ ਪਸ ਭਿਰਨਰਾਣਾ।

ਗ੍ਯਾਨੰ ਨਰਾਣਾ ਮਧਕੋ ਬਿਸੇਸੋ ਗ੍ਯਾਨੇ ਹੀਨ: ਪਸ ਭਿ ਸਮਾਨ:

ਤਥਾ- ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥

(ਗਉੜੀ ਬਾਵਨ ਅਖਰੀ, ਪੰਨਾ ੨੫੧)

ਇਕ ਫ਼ਕੀਰ ਸਾਈਂ ਕੁੱਤੇ ਨੂੰ ਗੋਦ ਵਿਚ ਲਈ ਬੈਠਾ ਸੀ ਤਾਂ ਇਕ ਅਮੀਰ ਤੁਰਦਾ ਓਥੇ ਆ ਪਹੁੰਚਾ। ਉਸ ਨੇ ਪਾਸ ਆ ਕੇ ਪੁਛਿਆ-ਹੇ ਫ਼ਕੀਰ ਜੀ ! ਤੁਸੀਂ ਹੱਛੇ ਹੋ ਜਾਂ ਤੁਹਾਡਾ ਕੁੱਤਾ ?

ਇਹ ਗੱਲ ਸੁਣ ਕੇ ਫ਼ਕੀਰ ਜੀ ਬੋਲੇ-ਹੇ ਭਾਈ! ਇਹ ਕੁੱਤਾ ਹਮੇਸ਼ਾਂ ਸਾਡਾ ਹੁਕਮ ਮੰਨਦਾ ਹੈ। ਅਮੀਰ ਅਤੇ ਫ਼ਕੀਰ ਭੀ ਆਪਣੇ ਮਾਲਕ ਦਾ ਹੁਕਮ ਮੰਨਣ ਅਤੇ ਉਸ ਦੀ ਬੰਦਗੀ ਕਰਨ ਤਾਂ ਕੁੱਤੇ ਤੋਂ ਹੱਛੇ ਹਨ, ਨਹੀਂ ਤਾਂ ਇਹ ਕੁੱਤਾ ਦੋਨਾਂ ਤੋਂ ਹੱਛਾ ਹੈ।

ਯਥਾ-

ਬੁਲ੍ਹਿਆ ਰਾਤੀ ਜਾਗੇ ਸੇਖ ਸਦਾਵੇ, ਰਾਤੀ ਜਾਗਨ ਕੁਤੇ ਤੈ ਕੁਨ ਉਤੇ।

ਓਹ ਆਪਣੇ ਸਾਈਂ ਦਾ ਦਰ ਨਾ ਛੋਡਨ, ਚਹੈ ਸੈ ਵਾਰੀ ਪਇਆ ਕੁਟੇ ਤੈ ਕੁਨ ਉਤੇ।

ਓਹ ਸਾਰੀ ਰਾਤ ਪਹਿਰਾ ਦੇਵਨ, ਦਿਹਾਂ ਵੰਞ ਅਰੂੜੀ ਤੇ ਸੁਤੇ ਤੈ ਕੁਨ ਉਤੇ।

ਬੁਲ੍ਹਾਸ਼ਾਹ ਹੁਣ ਮੁਰਸ਼ਦ ਮਨਾ ਘਿਨ, ਨਹੀਂ ਤਾਂ ਬਾਜ਼ੀ ਲੈਂਦੇ ਕੁੱਤੇ ਤੈ ਕੁਨ ਉਤੇ।

ਤਥਾ-

ਕਰਮ ਕਮਾਵਣ ਪਸ਼ੂਆਂ ਵਾਲੇ, ਮਾਣਸ ਨਾਮ ਧਰਾਇਆ।

ਖਾਵਣ ਪੀਵਣ ਹੱਸਣ ਖੇਡਣ, ਯੇਹ ਹੈ ਬਹੁਤਾ ਭਾਇਆ।

ਕਬਹੂ ਨ ਬੈਠ ਕੇ ਚਿਤਵਨ ਕੀਤਾ, ਜਿਨ ਸਿਰਜਨਹਾਰ ਉਪਾਇਆ।

ਸੇਵਾ ਦਾਸ ਯੇਹ ਕਰਨੀ ਕਰਕੇ, ਨਿਸਚੇ ਨਰਕ ਸਿਧਾਇਆ।

ਇਸੀ ਵਾਸਤੇ ਮਾਤਾ ਨੇ ਆਪਣੇ ਬੱਚੇ ਫ਼ਰੀਦ ਨੂੰ ਉਪਦੇਸ਼ ਦਿੱਤਾ ਹੈ,

ਬੱਚਾ ਕਰ ਲੈ ਰੱਬ ਦੀ ਬੰਦਗੀ ਨੂੰ। ਛਡ ਦਾਅਵੇ ਦੁਨੀਆਂ ਗੰਦਗੀ ਨੂੰ।

ਪੜ੍ਹ ਸਬਰ ਤੇ ਸ਼ੁਕਰ ਅਕੀਦੇ ਨੂੰ। ਮਾਂ ਮੱਤਾਂ ਦੇਵੇ ਫ਼ਰੀਦੇ ਨੂੰ।

ਜਿਨ੍ਹਾਂ ਮਨ ਦੀ ਚਾਹ ਗਵਾਈ ਆ। ਬੱਚਾ ਤਿਨ੍ਹਾਂ ਦੀ ਧੰਨ ਕਮਾਈ ਆ।

ਦੇਖ ਖੋਹਲ ਕੇ ਦਿਲ ਦੇ ਦੀਦੇ ਨੂੰ। ਮਾਂ ਮੱਤਾਂ ਦੇਵੇ ਫ਼ਰੀਦੇ ਨੂੰ।

ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥

ਹਿੰਦੂ ਲੋਕ ਵੇਦਾਂ ਸ਼ਾਸਤ੍ਰਾਂ ਦੁਆਰੇ ਸਲਾਹੁਣ ਯੋਗ ਪਰਮੇਸ਼ਰ ਨੂੰ ਸਲਾਹੁੰਦੇ ਹਨ।

ਅਥਵਾ:-ਸਲਾਹੁਣੇ ਵਾਲੇ ਹੋ ਕੇ ਸਲਾਹੁੰਦੇ ਹਨ, ਪਰੰਤੂ ਜੋ ਨਿਸ਼ਕਾਮ ਹੋ ਕੇ ਸਲਾਹੁੰਦੇ ਹਨ ਉਹਨਾਂ ਨੂੰ ਅਪਾਰ=ਬੇਅੰਤ ਰੂਪ ਪਰਮੇਸ਼ਰ ਦਾ ਦਰਸ਼ਨ ਹੁੰਦਾ ਹੈ।

58 / 355
Previous
Next