ਸਾਖੀਆਂ ਦਾ ਵੇਰਵਾ
ਸਾਖੀ-ਚਿੱਤ੍ਰ ਕੇਤੂ
ਦੂਸਰੀ ਉਥਾਨਕਾ
ਤੀਸਰੀ ਉਥਾਨਕਾ
ਸਾਖੀ-ਰਾਮ ਰਾਇ ਜੀ ਦੀ
ਸਾਖੀ-ਰਾਜੇ ਤੇ ਪੰਡਤ ਦੀ
ਸਾਖੀ-ਰੈਬਾਂ ਦੀ
ਸਾਖੀ-ਨੰਦ ਚੰਦ ਦੀ
ਸਾਖੀ- ਚੰਦ੍ਰਾਵਲਿ ਗੋਪੀ ਦੀ
ਸਾਖੀ-ਨੀਲੇ ਬਸਤ੍ਰ ਪਾੜਨ ਦੀ
ਸਾਖੀ-ਰਾਜੇ ਦੀ
ਸਾਖੀ-ਦਇਆ 'ਪਰ ਯੁਧਿਸ਼ਟਰ ਦੀ
ਸਾਖੀ-ਪਰਮਹੰਸ ਬ੍ਰਾਹਮਣ ਦੀ
ਸਾਖੀ-ਇਕ ਸਿੱਖ ਦੀ
ਸਾਖੀ-ਦਾਰਾ ਸ਼ਕੋਹ ਦੀ
ਸਾਖੀ-ਚਾਰ ਪਰੌਂਠਿਆਂ ਦੀ
ਸਾਖੀ-ਜੈ ਬਿਜੈ ਦੀ
ਸਾਖੀ-ਭਾਈ ਭਿਖਾਰੀ ਜੀ ਦੀ
ਸਾਖੀ-ਸ਼ੇਖ ਚਿਲੀ ਦੀ
ਸਾਖੀ-ਹੋਲਾਂ ਖੁਆਣ ਵਾਲੇ ਲੜਕੇ ਦੀ
ਸਾਖੀ-ਖਡੂਰ ਸਾਹਿਬ ਦੀ
☆☆☆
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ੪੬੨}
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਆਸਾ ਮਹਲਾ ੧ ॥
ਵਾਰ ਸਲੋਕਾ ਨਾਲਿ
ਸ੍ਰੀ ਆਸਾ ਜੀ ਦੀ ਵਾਰ ਸਲੋਕ ਮਹੱਲਿਆਂ ਦੇ ਨਾਲ ਕਥਨ ਕੀਤੀ ਹੈ। ਇਤਨੇ ਅੱਖਰ ਇਸ ਲਈ ਲਿਖੇ ਹਨ ਚੂੰਕਿ ਕਈ ਵਾਰਾਂ ਸਲੋਕ ਮਹੱਲਿਆਂ ਤੋਂ ਬਿਨਾਂ ਹੈਨ।
ਸਲੋਕ ਭੀ ਮਹਲੇ ਪਹਿਲੇ ਕੇ ਲਿਖੇ
ਇਸ ਵਾਰ ਵਿਚ ਵਾਰ=ਪਉੜੀਆਂ ਸਾਰੀਆਂ ਪਹਿਲੇ ਪਾਤਿਸ਼ਾਹ ਜੀ ਦੀਆਂ ਹਨ, ਸਲੋਕ ਅਤੇ ਮਹੱਲੇ ਭੀ ਬਹੁਤੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲਿਖੇ ਹੋਏ ਹਨ।
ਟੁੰਡੇ ਅਸ ਰਾਜੈ ਕੀ ਧੁਨੀ॥
ਇਤਨੇ ਅੱਖਰ ਛੇਵੇਂ ਪਾਤਿਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਲਿਖ ਕੇ ਰਾਗੀਆਂ ਨੂੰ ਹੁਕਮ ਦਿੱਤਾ, ਜਿਵੇਂ ਟੁੰਡੇ ਅਸਰਾਜ ਦੀ ਧੁਨੀ=ਪਉੜੀ ਲਿਖੀ ਹੋਈ ਢਾਢੀ ਲੋਕ ਗਾਉਂਦੇ ਹਨ ਤਿਵੇਂ ਸ੍ਰੀ ਆਸਾ ਜੀ ਦੀ ਵਾਰ ਦੀਆਂ ਪਉੜੀਆਂ ਗਾਇਨ ਕਰਨੀਆਂ।
ਕਿਉਂਕਿ ਧੁਨਾਂ ਦੇ ਚਾੜ੍ਹਨ ਦਾ ਹੁਕਮ ਪੰਚਮ ਪਾਤਿਸ਼ਾਹ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦਿੱਤਾ ਸੀ।
(ਦੇਖੋ ਗੁਰ ਬਿਲਾਸ ਪਾ: ੬ ਕ੍ਰਿਤ ਭਾਈ ਮਨੀ ਸਿੰਘ ਜੀ ਧਿਆਇ ੪ ਪੰਨਾ ੭੭)
ਯਥਾ-ਸ੍ਰੀ ਸਤਿਗੁਰ ਦਿਖ ਲਗੋ ਦਿਵਾਨਾਂ। ਬੁੱਢੇ ਆਦਿਕ ਸਭ ਇਕ ਠਾਂਨਾ।
ਹਰਿ ਗੋਬਿੰਦ ਕੋ ਕਹਾ ਸੁਨਾਈ। ਆਗਿਆ ਮੋਰ ਸੁਨੋ ਚਿਤ ਲਾਈ।
ਸਾਹਿਬ ਬੁੱਢੇ ਬਚਨ ਬਖਾਨਾਂ। ਤੁਮ ਕਰਨੇ ਜੁਧ ਮਹਾਂ ਭੈ ਆਨਾਂ।
ਗ੍ਰੰਥ ਬੀਚ ਹਮ ਜੋਇ ਲਿਖਾਈ। ਬਾਈ ਵਾਰ ਸੁਨਹੁ ਮਨ ਲਾਈ।
ਮਨ ਪਸੰਦ ਵਾਰ ਜੋ ਪਾਵੋ। ਤਬੈ ਧੁਨਾਂ ਤੁਮ ਤਾਹਿ ਚੜ੍ਹਾਵੋ।
ਬਾਣੀ ਔਰ ਨਹੀਂ ਤੁਮ ਕਰਨੀ। ਸਤਿ ਬਚਨ ਸੁਨਹੁ ਮਮ ਸ੍ਰਵਨੀ॥ ੪੧੧॥
ਯਥਾ- ਇਕ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਵਾਨ ਲਗਾ ਕੇ ਬੈਠੇ ਸਨ ਤੇ ਅਬਦੁਲੇ ਢਾਢੀ ਨੂੰ ਕਿਹਾ ਹੁਣ ਤੂੰ ਵਾਰਾਂ ਸੁਣਾ, ਤਦ ਉਸ ਨੇ ੨੨ ਵਾਰਾਂ ਸੁਣਾਈਆਂ।
ਯਥਾ:- ਭਿੰਨ ਭਿੰਨ ਸਭ ਵਾਰ ਉਚਾਰੀ ॥ ਢਾਢੀ ਅਬਦੁਲ ਬਡ ਛਬ ਧਾਰੀ ॥
ਧੁਨ ਜੁਤ ਬਾਈ ਵਾਰ ਸੁਨਾਈ॥ ਦੋਇ ਮਾਸ ਮਹਿ ਨਿਜ ਮਨ ਲਾਈ॥ ੧੨੪॥
ਬਾਈ ਵਾਰ ਕੀ ਧੁਨ ਸੁਨ ਬਾਈ॥ ਨੌ ਧੁਨ ਊਪਰ ਵਾਰ ਚੜ੍ਹਾਈ॥
ਕਰੇ ਯਾਦ ਗੁਰੂ ਅਰਜਨ ਬੈਨ॥ ਮਨ ਪਸੰਦ ਚਾੜ੍ਹੋ ਮਨ ਚੈਨ॥
ਅਬ ਜੋ ਗੁਰੁ ਕੇ ਮਨ ਮੈਂ ਭਾਈ॥ ਹਰਿ ਗੋਬਿੰਦ ਧੁਨ ਸੋਇ ਚੜ੍ਹਾਈ॥ ੧੨੬॥
ਸਾਹਿਬ ਬੁੱਢੇ ਕੀ ਤਬੈ, ਸ੍ਰੀ ਗੁਰ ਆਗਿਆ ਪਾਇ॥
ਨੌ ਧੁਨਿ ਚਾੜੀ ਵਾਰ ਕੀ, ਸੁਨੋ ਸੋਇ ਚਿਤ ਲਾਇ॥ ੧੩੨॥੧
--------------------
ਕਬਿੱਤ-
੧. ਮਲਕ ਮੁਰੀਦ ਸੂਰ ਚੰਦ੍ਰਹੜਾ ਜੁਧ ਪੂਰ, ਤਾਕੀ ਧੁਨ ਸੁਨ ਵਾਰ ਮਾਝ ਕੀ ਚੜ੍ਹਾਈ ਹੈ।
ਕਮਾਲਰਾਇ ਧਾਰ ਕ੍ਰੁਧ ਮੋਜਦੀਨ ਜਿਉਂ ਕੀਨੋ ਜੁਧ, ਤਾਕੀ ਧੁਨ ਸੁਨ ਵਾਰ ਗੌੜੀ ਕੀ ਲਿਖਾਈ ਹੈ।
ਟੁੰਡੇ ਅਸ ਭਯੋ ਜਸ ਕੀਨੋ ਬਡੋ ਜੁਧ ਰਸ, ਧੁਨ ਸੁ ਅਪਾਰ ਤਾਹਿ ਆਸਾ ਵਾਰ ਪਾਈ ਹੈ।
ਸਿਕੰਦਰ ਸੋ ਬਡੋ ਬਲ ਬ੍ਰਾਹਮ ਸੋ ਜੁਧ ਭਲ, ਤਾਕੀ ਧੁਨ ਬੈਰੀ ਦਲ ਗੂਜਰੀ ਧਰਾਈ ਹੈ॥ ੧੩੩॥
ਸਵੈਯਾ
ਸੁਨ ਕੈ ਧੁਨਿ ਔਰ ਲਲਾ ਬਹਿਲੀਮ ਕਹੈ ਵਡਹੰਸ ਕੇ ਮਾਹਿ ਚੜਾਈ।
ਜੋਧ ਸੁ ਵੀਰ ਭਯੋ ਰਣਧੀਰ ਪੂਰਬਾਣੀ ਸੋਂ ਰਸ ਰੁਦ੍ਰ ਮਚਾਈ।
ਸੋ ਧੁਨ ਰਾਮਕਲੀ ਸੁਭ ਰਾਗ ਮੈਂ ਹੋਇ ਦਿਆਲ ਗੁਰੂ ਜੀ ਲਿਖਾਈ।
ਮਹਿਮੇ ਹਸਨੇ ਜਿਮ ਜੁਧ ਕੀਓ ਧੁਨ ਸੁੰਦਰ ਸਾਰੰਗ ਵਾਰ ਧਰਾਈ॥੧੩੪॥
ਸੋਰਠਾ-ਪੁਨ ਰਾਣੇ ਕੈਲਾਸ ਮਾਲਦੇਵ ਜਿਮ ਜੁਧ ਕੀਓ।
ਤਿਹ ਧੁਨ ਗੁਰੂ ਪ੍ਰਕਾਸ਼ ਮਲਾਰ ਵਾਰ ਪੈ ਸੋ ਲਿਖੀ॥ ੧੩੫॥
ਦੋਹਰਾ-ਮੂਸੇ ਵਾਰ ਕੀ ਧੁਨ ਸੁਨੀ, ਸ੍ਰੀ ਗੁਰ ਮਨ ਹਰਖਾਇ।
ਵਾਰ ਕਾਨੜੇ ਪਰ ਲਿਖੀ, ਸੋ ਧੁਨ ਗੁਰ ਪ੍ਰਗਟਾਇ॥੧੩੬॥
(ਗੁਰ ਬਿਲਾਸ ਪਾ: ੬ ਧਿਆਇ ੮, ਪੰਨਾ ੧੪੯)
ਪਹਿਲੀ ਸਾਖੀ
ਇਕ ਚਿੱਤ੍ਰ ਕੇਤੂ ਨਾਮ ਕਰ ਕੇ ਰਾਜਾ ਹੋਇਆ ਹੈ। ਉਸ ਦੇ ਘਰ ਪ੍ਰਮੇਸ਼ਰ ਦੀ ਕਿਰਪਾ ਨਾਲ ਸੁੰਦਰ ਲੜਕਾ ਪੈਦਾ ਹੋਇਆ, ਜਿਸ ਨੂੰ ਵੇਖਦਿਆਂ ਦੁੱਖ ਭੁੱਖ ਲਹਿੰਦੀ ਸੀ। ਜਿਸ ਵੇਲੇ ੪੦ ਦਿਨਾਂ ਦਾ ਹੋ ਗਿਆ ਤਾਂ ਬ੍ਰਾਹਮਣਾਂ ਪਾਸੋਂ ਪੁਛ ਕੇ ਉਸ ਦਾ ਨਾਮ 'ਅਸਰਾਜ' ਰੱਖਿਆ ਗਿਆ। ਜਿਸ ਵੇਲੇ ਕੁਝ ਕੁ ਸਾਲਾਂ ਦਾ ਹੋ ਗਿਆ, ਤਾਂ ਇਕ ਦਿਨ ਰਾਜਾ ਨੇ ਆਪਣੇ ਮਹਿਲਾਂ ਵਿਚ ਜੋਤਸ਼ੀਆਂ ਨੂੰ ਬੁਲਾ ਕੇ ਕਿਹਾ-ਕੋਈ ਐਸਾ ਤਰੀਕਾ ਦਸੋ ਜਿਸ ਨਾਲ ਮੇਰਾ ਪੁਤ੍ਰ ਤੇਜ ਪ੍ਰਤਾਪ ਤੇ ਬੜੇ ਬਲ ਵਾਲਾ ਹੋਵੇ।
ਜੋਤਸ਼ੀਆਂ ਨੇ ਆਪਣੇ ਜੋਤਸ਼ ਅਨੁਸਾਰ ਸੋਚ ਵਿਚਾਰ ਕੇ ਆਖਿਆ-'ਹੇ ਰਾਜਨ ! ਇਕ ਸੁੰਦਰ ਭੋਰਾ ਤਿਆਰ ਕਰਾ ਕੇ ਉਸ ਅੰਦਰ ੧੨ ਸਾਲ ਇਸ ਦੀ ਰਿਹਾਇਸ਼ ਕਰਾਈ ਜਾਵੇ, ਅੰਦਰ ਹੀ ਗੁਸਲਖਾਨਾ ਅਤੇ ਖਾਣਾ ਤਿਆਰ ਕਰਨ ਲਈ ਕਿਚਨ ਤੇ ਪੜ੍ਹਾਈ ਵਾਸਤੇ ਵੱਖਰਾ ਕਮਰਾ, ਸੈਰਗਾਹ ਵਾਸਤੇ ਸੋਹਣਾ ਬਗੀਚਾ ਤਿਆਰ ਕਰਾਇਆ ਜਾਵੇ ਤੇ ਆਰਾਮ ਕਰਨ ਲਈ ਸੋਹਣਾ ਮੰਦਰ ਭਾਵ ਬਾਹਰ ਬਿਲਕੁਲ ਨਾ ਨਿਕਲੇ ਤਾਂ ਇਹ ਲੜਕਾ ਬੜਾ ਤੇਜਸ੍ਵੀ ਅਤੇ ਸੂਰਬੀਰ ਦੁਸ਼ਮਨਾਂ ਦੇ ਨਾਸ ਕਰਨ ਵਾਲਾ ਹੋਵੇਗਾ।"
ਇਹ ਗੱਲ ਜੋਤਸ਼ੀਆਂ ਪਾਸੋਂ ਸੁਣ ਕੇ ਰਾਜੇ ਨੇ ਉਸੇ ਵੇਲੇ ਹੁਕਮ ਦੇ ਕੇ ਭੋਰਾ ਤਿਆਰ ਕਰਵਾ ਲਿਆ ਅਤੇ ਚੰਗੇ ਉਸਤਾਦ ਲਗਾ ਕੇ ਬਾਰਾਂ ਵਰ੍ਹੇ ਭੋਰੇ ਵਿਚ ਹੀ ਵਿੱਦਿਆ ਪੜ੍ਹਾਈ।
ਪੂਰਾ ਸਮਾਂ ਹੋਣ ਨਾਲ ਰਾਜਾ ਨੇ ਮੰਤ੍ਰੀਆਂ ਨੂੰ ਹੁਕਮ ਦਿੱਤਾ, ਅਸਰਾਜ ਨੂੰ ਬਾਹਰ ਲਿਆਓ। ਮੰਤਰੀਆਂ ਨੇ ਉਸੀ ਵੇਲੇ ਹੋਰ ਸਾਰੇ ਕੰਮ ਛੱਡ ਕੇ ਬੜੀ ਰੌਣਕ ਬਣਾ ਕੇ ਵਾਜੇ ਵਗੈਰਾ ਨਾਲ ਲੈ ਕੇ ਬੜੀ ਧੂਮ ਧਾਮ ਨਾਲ ਭੋਰੇ ਵਿਚੋਂ ਆਤਸ਼ਬਾਜ਼ੀਆਂ ਸਮੇਤ ਰਾਜ ਪੁਤਰ ਨੂੰ ਬਾਹਰ ਲਿਆਂਦਾ। ਸਭ ਤੋਂ ਪਹਿਲਾਂ ਅਸਰਾਜ ਨੇ ਆਪਣੇ ਪਿਤਾ ਜੀ ਦੇ ਚਰਨਾਂ 'ਪਰ ਆ ਕੇ ਮੱਥਾ ਟੇਕਿਆ। ਅਗੋਂ ਪਿਤਾ ਨੇ ਸਿਰ 'ਤੇ ਹੱਥ ਫੇਰਿਆ, ਮੱਥਾ ਚੁੰਮਿਆ, ਗਲ ਨਾਲ ਲਾ ਕੇ ਆਪਣੇ ਪਾਸ ਬੈਠਾ ਲਿਆ। ਉਸ ਵੇਲੇ ਦਾ ਸਮਾਗਮ ਬੜੀਆਂ ਖ਼ੁਸ਼ੀਆਂ ਨਾਲ ਪੂਰਾ ਕੀਤਾ ਅਤੇ ਸਭਾ ਵਿਚ ਬੈਠੇ ਸਾਰਿਆਂ ਲੋਕਾਂ ਨੂੰ ਮਠਿਆਈ ਦਿੱਤੀ।
ਕੁਝ ਸਮੇਂ ਪਿਛੋਂ ਪਿਤਾ ਨੇ ਕਿਹਾ-'ਪੁਤ੍ਰ! ਮਹਿਲਾਂ ਵਿਚ ਜਾ ਕੇ ਤੂੰ ਆਪਣੀਆਂ ਸਭ ਮਾਤਾਵਾਂ ਨੂੰ ਮਿਲ ਗਿਲ ਆ।" ਹੁਕਮ ਮੰਨ ਕੇ ਅਸਰਾਜ ਨੇ ਬੜੇ ਅਦਬ ਸਤਿਕਾਰ ਨਾਲ ਸਭ ਮਾਤਾਵਾਂ ਦੇ ਚਰਨਾਂ 'ਪਰ ਨਿੰਮ੍ਰਤਾ ਨਾਲ ਮੱਥਾ ਟੇਕ ਕੇ ਬਹੁਤ ਸਾਰੀਆਂ ਅਸੀਸਾਂ ਤੇ ਬੜਾ ਪਿਆਰ ਲੀਤਾ। ਇਕ ਰਾਣੀ ਜੋ ਰਾਜਾ ਨੇ ਨਵੀਂ ਵਿਆਹੀ ਹੋਈ ਸੀ, ਜਦ ਉਸ ਦੇ ਪਾਸ ਜਾ ਕੇ ਮੱਥਾ ਟੇਕਣ ਲੱਗਾ ਤਾਂ ਇਸ ਦੇ ਸੁੰਦਰ ਚੇਹਰੇ ਮੋਹਰੇ ਨੂੰ ਵੇਖ ਕੇ ਉਹ ਮੋਹਤ ਹੋ ਗਈ ਤੇ ਅਸਰਾਜ ਦੀਆਂ ਬਾਹਵਾਂ ਫੜ ਕੇ ਖਲੋ ਗਈ ਮੱਥਾ ਨਾ ਟੇਕਣ ਦਿੱਤਾ। ਅਸਰਾਜ ਕਹੇ-'ਮਾਤਾ! ਮੱਥਾ ਟੇਕ ਲੈਣ ਦੇਹ।" ਆਖਣ ਲੱਗੀ-'ਤੂੰ ਮੇਰਾ ਕੋਈ ਪੁਤ੍ਰ ਨਹੀਂ, ਤੂੰ ਤਾਂ ਮੇਰਾ ਪਤੀ
ਹੈਂ, ਤੇਰਾ ਹੱਕ ਨਹੀਂ ਮੱਥਾ ਟੇਕਣ ਦਾ। ਮੇਰੇ ਨਾਲ ਗ੍ਰਹਿਸਤ ਵਾਲਾ ਵਿਹਾਰ ਕਰ।" ਇਹ ਸੁਣ ਕੇ ਅਸਰਾਜ ਨੇ ਕਿਹਾ-'ਇਹ ਗੱਲ ਫੇਰ ਨਾ ਕਹੀਂ, ਤੂੰ ਤਾਂ ਮੇਰੀ ਮਾਤਾ ਹੈਂ। ਰਾਣੀ ਨੇ ਆਖਿਆ- 'ਮੈਂ ਤੇਰੀ ਕੋਈ ਮਾਤਾ ਨਹੀਂ, ਮੈਂ ਤੈਨੂੰ ਆਪਣੇ ਪੇਟੋਂ ਨਹੀਂ ਜੰਮਿਆ, ਮੇਰਾ ਕਿਹਾ ਮੰਨ ਕੇ ਮੇਰੇ ਨਾਲ ਰਚ ਮਿਚ ਜਾਹ, ਨਹੀਂ ਤਾਂ ਮੈਂ ਤੇਰਾ ਬੁਰਾ ਹਾਲ ਕਰਾਵਾਂਗੀ, ਹੋ ਸਕਿਆ ਤਾਂ ਜਾਨੋਂ ਮਰਵਾ ਦਿਆਂਗੀ।" ਰਾਜ ਪੁਤ੍ਰ ਇਹ ਗੱਲਾਂ ਸੁਣ ਕੇ ਬੜੀਆਂ ਸੋਚਾਂ ਅੰਦਰ ਪੈ ਗਿਆ, ਆਖ਼ਿਰਕਾਰ ਅਸਰਾਜ ਬੜਾ ਧਰਮਾਤਮਾ ਤੇ ਅਕਲਮੰਦ ਸੀ, ਆਖਣ ਲੱਗਾ-'ਹੇ ਮਾਤਾ ! ਇਕ ਵੇਰਾਂ ਤਾਂ ਮਰਨਾ ਹੀ ਹੈ ਪਰ ਕਲੰਕਤ ਹੋ ਕੇ ਨਹੀਂ ਮਰਾਂਗਾ, ਤੂੰ ਆਪਣੇ ਖ਼ਿਆਲਾਂ ਨੂੰ ਮੋੜ ਲੈ।" ਇਤਨੀ ਗੱਲ ਆਖ ਕੇ ਅਸਰਾਜ ਝਟ ਪਟ ਬਾਹਰ ਦੌੜ ਆਇਆ।
ਪਿਛੋਂ ਰਾਣੀ ਨੇ ਰਾਜੇ ਦੇ ਆਉਣ ਦਾ ਵੇਲਾ ਜਾਣ ਕੇ ਇਹ ਚਰਿੱਤ੍ਰ ਕਰ ਲਿਆ, ਗਲ ਦੇ ਕੱਪੜੇ ਪਾੜ ਦਿੱਤੇ, ਗਹਿਣੇ ਲਾਹ ਸੁੱਟੇ, ਸਿਰ ਦੇ ਵਾਲ ਖਿਲਾਰ ਕੇ, ਪਿੰਡੇ ਤੇ ਨਹੁੰਦਰਾਂ ਮਾਰ ਕੇ ਬੁਰਾ ਭੇਸ ਬਣਾ ਕੇ ਜ਼ਮੀਨ 'ਪਰ ਲੇਟ ਗਈ। ਇਤਨੇ ਨੂੰ ਰਾਜਾ ਜੀ ਆ ਗਏ, ਆਉਂਦਿਆਂ ਸਾਰ ਇਹ ਹਾਲਤ ਵੇਖ ਕੇ ਹੈਰਾਨ ਹੋ ਗਏ, ਪੁੱਛਦੇ ਹਨ-ਹੇ ਸੁਭੱਦਰੇ ! ਤੇਰਾ ਇਹ ਹਾਲ ਕਿਸ ਕੀਤਾ ਹੈ ? ਜਲਦੀ ਦੱਸ।" ਰਾਣੀ ਬੋਲੀ, 'ਹੋਰ ਕਿਸ ਕਰਨਾ ਹੈ, ਤੇਰੇ ਨੇਕ ਪੁਤ੍ਰ ਦੀ ਕਰਤੂਤ ਹੈ, ਜਿਸ ਦੀ ਉਪਮਾ ਤੂੰ ਰੋਜ਼ ਸੁਣਾਉਂਦਾ ਹੁੰਦਾ ਸੈਂ ਜਾਂ ਇਸ ਨੂੰ ਮਰਵਾ ਦੇਹ, ਨਹੀਂ ਤਾਂ ਮੈਂ ਮਰ ਜਾਵਾਂਗੀ।
ਆਪਣੀ ਪਿਆਰੀ ਰਾਣੀ ਦੀ ਇਹ ਗੱਲ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆਇਆ। ਉਸ ਵੇਲੇ ਅੰਨ੍ਹਾ ਹੋ ਗਿਆ, ਸੋਚਿਆ ਸਮਝਿਆ ਕੁਝ ਨਾ ਮੰਤਰੀ ਨੂੰ ਪਾਸ ਸਦਵਾ ਕੇ ਸਖ਼ਤ ਹੁਕਮ ਦੇ ਦਿੱਤਾ-'ਹੁਣੇ ਹੀ ਜਲਾਦਾਂ ਨੂੰ ਸਦਵਾ ਕੇ ਅਸਰਾਜ ਨੂੰ ਬਾਹਰ ਲਿਜਾ ਕੇ ਚੁਪ ਚੁਪਾਤੇ ਮਰਵਾ ਦਿਓ ਤੇ ਇਸ ਦਾ ਕੋਈ ਨਾ ਕੋਈ ਇਕ ਅੰਗ ਕੱਟ ਕੇ ਮੈਨੂੰ ਲਿਆ ਕੇ ਵਿਖਾਣਾ।"
ਰਾਜੇ ਦਾ ਹੁਕਮ ਮੰਨ ਕੇ ਜਲਾਦ ਅਸਰਾਜ ਨੂੰ ਬਾਹਰ ਲੈ ਗਏ ਪਰ ਰਾਜ ਪੁਤ੍ਰ ਦੇ ਸੋਹਣੇ ਖ਼ੂਬਸੂਰਤ ਚੇਹਰੇ ਨੂੰ ਵੇਖ ਕੇ ਮਾਰਨ ਲਈ ਕਿਸੇ ਦਾ ਹੌਂਸਲਾ ਨਾ ਪਵੇ, ਇਕ ਦੂਜੇ ਦੇ ਮੂੰਹ ਵੱਲ ਤੱਕਣ, ਬੜੇ ਸ਼ਸ਼ੋਪੰਜ ਵਿਚ ਪੈ ਗਏ। ਆਖ਼ਰਕਾਰ ਇਕ ਨੇ ਇਹ ਸਲਾਹ ਦਿੱਤੀ ਕਿ ਬਹੁਤਾ ਡਰ ਤਾਂ ਰਾਜੇ ਦਾ ਹੀ ਹੈ, ਤੁਸੀਂ ਰਾਜੇ ਦੀ ਤਸੱਲੀ ਵਾਸਤੇ ਇਸ ਦਾ ਇਕ ਹੱਥ ਵੱਢ ਕੇ ਲੈ ਜਾਓ। ਜਲਾਦਾਂ ਨੇ ਇਹ ਗੱਲ ਦਿਲ ਪਸੰਦੀ ਵਾਲੀ ਸੋਚ ਕੇ ਰਾਜ ਪੁਤ੍ਰ ਦਾ ਹੱਥ ਵੱਢ ਕੇ ਉਸ ਨੂੰ ਥੋੜ੍ਹੇ ਪਾਣੀ ਵਾਲੇ ਖੂਹ ਵਿਚ ਸੁਟ ਕੇ ਵਾਪਸ ਚਲੇ ਆਏ, ਮਹਿਲਾਂ ਵਿਚ ਰਾਜਾ ਨੂੰ ਉਹ ਹੱਥ ਕੱਟਿਆ ਵਿਖਾ ਕੇ ਤਸੱਲੀ ਕਰਵਾ ਦਿੱਤੀ ਕਿ ਠੀਕ ਅਸਰਾਜ ਨੂੰ ਮਾਰ ਆਏ ਹਾਂ।
ਜਦ ਕੁਝ ਸਮਾਂ ਲੰਘ ਗਿਆ ਤਾਂ ਇਕ ਵਣਜਾਰਿਆਂ ਦਾ ਟੋਲਾ ਆਪਣੇ ਰਾਹੇ ਰਾਹ ਤੁਰੀ ਜਾਂਦਾ ਸੀ, ਉਹਨਾਂ ਨੂੰ ਬੜੀ ਪਿਆਸ ਲੱਗੀ ਹੋਈ ਸੀ, ਤੱਕਦੇ ਤੱਕਦੇ ਉਸ ਖੂਹ 'ਤੇ ਆ ਪਹੁੰਚੇ ਜਿਸ ਵਿਚ ਅਸਰਾਜ ਪਿਆ ਸੀ।