

ਓਹ ਜੋ ਕੁਝ ਭੀ ਆਖਦੇ ਹਨ, ਉਹਨਾਂ ਸਾਰਿਆਂ ਦੀ ਗੱਲਬਾਤ ਹੇ ਵਾਹਿਗੁਰੂ ! ਤੂੰ ਆਪ ਹੀ ਜਾਣਦਾ ਹੈਂ। ਤਿਨ੍ਹਾਂ ਸਭਨਾਂ ਦੀ ਸੰਭਾਲ ਤੇਰੀ ਨਿਗਾਹ ਵਿਚ ਹੈ।
ਯਥਾ-ਘਟ ਘਟ ਕੇ ਅੰਤਰ ਕੀ ਜਾਨਤ॥ ਭਲੇ ਬੁਰੇ ਕੀ ਪੀਰ ਪਛਾਨਤ॥
(ਦਸਮ ਗ੍ਰੰਥ, ਚੌਪਈ ੧੧)
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥
ਸਤਿਗੁਰ ਦੇਵ ਜੀ ਆਖਦੇ ਹਨ- ਹੇ ਸ਼ੇਖ ਬ੍ਰਹਮ! ਭਗਤਾਂ ਨੂੰ ਕੇਵਲ ਵਾਹਿਗੁਰੂ ਦੇ ਸਲਾਹੁਣ ਦੀ ਭੁਖ=ਇੱਛਾ ਲੱਗੀ ਰਹਿੰਦੀ ਹੈ ਹਮੇਸ਼ਾਂ ਸਤਿਨਾਮ ਦਾ ਆਧਾਰੁ=ਆਸਰਾ ਹੋਣ ਕਰਕੇ।
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧ ॥
ਜੋ 'ਭਗਤ ਜਨ' ਦਿਨੋ ਰਾਤ ਹਮੇਸ਼ਾਂ ਅਨੰਦ ਰਹਿੰਦੇ ਹਨ, ਉਹਨਾਂ ਗੁਣ ਵਾਲਿਆਂ ਦੇ ਪਾ+ਛਾਰੁ=ਚਰਨਾਂ ਦੀ ਧੂੜ ਗ੍ਰਹਿਣ ਕਰ ਤਾਂ ਤੇਰਾ ਉਧਾਰ ਹੋਵੇਗਾ॥ ੧॥
ਮਃ ੧ ॥
ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ, ਹੇ ਪ੍ਰਭੂ! ਅਸਾਡੇ ਮਤ ਵਿਚ ਇਹ ਲਿਖਿਆ ਹੈ ਜੋ ਇਸ ਲੋਕ ਵਿਚ ਸੜਦੇ ਹਨ ਓਹ ਅੱਗੇ ਦੋਜ਼ਕ ਵਿਚ ਪੈ ਕੇ ਸੜਦੇ ਹਨ। ਹਿੰਦੂ ਲੋਕ ਦੇਹ ਨੂੰ ਸਾੜਦੇ ਹਨ, ਇਸ ਤੇ ਹਿੰਦੂ ਹੀ ਪ੍ਰਲੋਕ ਵਿਚ ਸੜਦੇ ਹਨ। ਏਸ ਤਰ੍ਹਾਂ ਸ਼ੇਖ ਬ੍ਰਹਮ ਨੂੰ ਇਕ ਪੱਖ ਉਪਰ ਖਲੋਤਾ ਦੇਖ ਕੇ ਸਤਿਗੁਰ ਦੇਵ ਜੀ ਇੱਟ ਨੂੰ ਪੱਥਰ ਮਾਰਦੇ ਹਨ। ਹੇ ਸ਼ੇਖ ਬ੍ਰਹਮ ! ਇਹ ਤੇਰਾ ਖ਼ਿਆਲ ਬਿਲਕੁਲ ਠੀਕ ਨਹੀਂ।
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ ॥
ਮੁਸਲਮਾਨਾਂ ਦੀ ਜੋ ਮਿੱਟੀ ਹੈ ਓਹੋ ਘੁਮਿਆਰ ਦੇ ਪੇੜੈ=ਪੱਲੇ ਪੈਂਦੀ ਹੈ, ਕਿਉਂਕਿ ਜਿਥੇ ਕਬਰ ਅਸਥਾਨ ਵਿਚ ਮੁਰਦੇ ਦਬਦੇ ਹਨ, ਉਸ ਅਸਥਾਨ ਦੀ ਮਿੱਟੀ ਸਮਾਂ ਪਾ ਕੇ ਚਿਕਨੀ ਹੋ ਜਾਂਦੀ ਹੈ ਤੇ ਉਸ ਮਿੱਟੀ ਦੇ ਭਾਂਡੇ ਤੇ ਇੱਟਾਂ ਬਹੁਤ ਚੰਗੇ ਬਣਦੇ ਹਨ। ਇਸ ਵਾਸਤੇ ਉਸ ਮਿੱਟੀ ਨੂੰ ਘੁਮਿਆਰ ਪੁਟ ਕੇ ਲੈ ਆਉਂਦੇ ਹਨ*।
------------------
*ਮੁਸਲਮਾਨ ਮਤ ਵਿਖੇ ਇਹ ਲਿਖਿਆ ਹੈ, ਆਦਮੀ ਜਿਸ ਵੇਲੇ ਚੱਲਦਾ ਹੈ, ਤਾਂ ਉਸ ਦਾ ਇਕ ਪੈਰ ਬਾਦਸ਼ਾਹ ਦੀ ਕਬਰ ਤੇ ਦੂਜਾ ਪੈਰ ਵਜ਼ੀਰ ਦੀ ਕਬਰ ਤੇ ਆਉਂਦਾ ਹੈ। ਘੁਮਿਆਰ ਦੀ ਮਿੱਟੀ ਦੁਆਰਾ ਸੜਦੇ ਹੋਏ ਦੱਸਦੇ ਹਨ ਕਿ ਅਸੀਂ ਸੜ ਰਹੇ ਹਾਂ। ਇਹ ਗੱਲ ਸੁਣ ਕੇ ਤੋਬਾ ਤੋਬਾ ਕਰਨ ਲੱਗ ਪਿਆ।