

ਗੁਰੂ ਸਾਹਿਬ ਜੀ ਆਪ ਨਹੀਂ ਆਏ ਪਰ ਉਹਨਾਂ ਨੇ ਆਪਣਾ ਪੁੱਤ੍ਰ ਭੇਜਿਆ ਹੈ ਤੇ ਗੁਰੂ ਜੀ ਨੇ ਮੈਨੂੰ ਇਸ ਤਰ੍ਹਾਂ ਕਿਹਾ ਹੈ ਕਿ ਬਾਦਸ਼ਾਹ ਜੋ ਵੀ ਅਜ਼ਮਤ ਵੇਖਣਾ ਚਾਹੇ ਸੋ ਇਹਨਾਂ ਪਾਸੋਂ ਵੇਖ ਲਵੇ। ਅਸਾਂ ਨੇ ਸਭ ਸ਼ਕਤੀਆਂ ਇਹਨਾਂ ਨੂੰ ਦੇ ਦਿੱਤੀਆਂ ਹਨ।
ਅਗੋਂ ਬਾਦਸ਼ਾਹ ਨੇ ਦਿਲ ਵਿਚ ਵਿਚਾਰਿਆ ਕਿ ਕੋਈ ਗੱਲ ਨਹੀਂ, ਪਿਓ ਪੁਤਰ ਵਿਚ ਕੋਈ ਫ਼ਰਕ ਨਹੀਂ ਹੁੰਦਾ। ਉਸ ਵੇਲੇ ਬਾਦਸ਼ਾਹ ਨੇ ਮਿਹਮਾਨੀ ਵਾਸਤੇ ਇਕ ਬੱਕਰਾ ਭੇਜ ਦਿੱਤਾ ਕਿ ਆਪ ਇਸ ਦਾ ਭੋਜਨ ਕਰੀਏ। ਰਾਮਰਾਇ ਜੀ ਨੇ ਉਸ ਬੱਕਰੇ ਨੂੰ ਮਾਰ ਕੇ ਬੱਕਰੇ ਦੀ ਇਕ ਟੰਗ ਕਾਜ਼ੀ ਦੇ ਘਰ ਭੇਜ ਦਿੱਤੀ । ਪਿਛੋਂ ਬਾਦਸ਼ਾਹ ਨੇ ਕਹਿ ਭੇਜਿਆ ਕਿ ਮੈਂ ਭੁਲੇਖੇ ਵਿਚ ਬੱਕਰਾ ਭੇਜ ਬੈਠਾ ਸਾਂ, ਓਹ ਬੱਕਰਾ ਸ਼ਹਿਜ਼ਾਦੇ ਦਾ ਸੀ, ਉਸ ਤੋਂ ਬਗੈਰ ਸ਼ਹਿਜ਼ਾਦਾ ਪਰਚਦਾ ਨਹੀਂ, ਆਪ ਓਹੀ ਬੱਕਰਾ ਭੇਜ ਦਿਓ।
ਰਾਮਰਾਇ ਜੀ ਨੇ ਵਿਚਾਰਿਆ ਏਥੇ ਕਰਾਮਾਤ ਦਾ ਕੰਮ ਹੈ, ਉਸ ਵੇਲੇ ਆਪਣੀ ਅਜ਼ਮਤ ਨਾਲ ਤਿੰਨ ਟੰਗਾਂ ਵਾਲਾ ਬੱਕਰਾ ਤਿਆਰ ਕਰਕੇ ਭੇਜ ਦਿੱਤਾ ਤੇ ਨਾਲ ਸੁਨੇਹਾ ਦਿੱਤਾ ਕਿ ਇਸ ਬੱਕਰੇ ਦੀ ਇਕ ਟੰਗ ਕਾਜ਼ੀ ਪਾਸ ਹੈ, ਇਸ ਲਈ ਚੌਥੀ ਟੰਗ ਕਾਜ਼ੀ ਲਗਾ ਕੇ ਦੇਵੇ।
ਇਸ ਅਸਚਰਜ ਕੌਤਕ ਨੂੰ ਵੇਖ ਕੇ ਸਭ ਹੈਰਾਨ ਹੋ ਗਏ। ਭਰੀ ਸਭਾ ਵਿਚ ਕਾਜ਼ੀ ਬਹੁਤ ਸ਼ਰਮਿੰਦਾ ਹੋਇਆ ਪਰ ਕਾਜ਼ੀ ਚੌਥੀ ਟੰਗ ਬੱਕਰੇ ਦੀ ਨਾ ਲਗਾ ਸਕਿਆ। ਸਿਧਾਂਤ ਕੀ ਇਤਿਆਦੀ ੭੨ ਕਰਾਮਤਾਂ ਮੁਖ ਮੁਖ ਅਤੇ ਛੋਟੀਆਂ ਸਾਰੀਆਂ ਪਾ ਕੇ ੩੬੦ ਕਰਾਮਾਤਾਂ ਵਿਖਾਈਆਂ ਹਨ।
ਇਕ ਦਿਨ ਫੇਰ ਕਾਜ਼ੀਆਂ ਮੁਲਾਂ ਦੀ ਪ੍ਰੇਰਨਾ ਨਾਲ ਬਾਦਸ਼ਾਹ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ-
"ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ॥"
ਕਿਉਂ ਕਿਹਾ ਹੈ ? ਇਹ ਗੱਲ ਸੁਣ ਕੇ ਰਾਮਰਾਇ ਜੀ ਲਿਹਾਜ਼ ਕਰ ਗਏ। ਆਖਦੇ ਹਨ-'ਮਿਟੀ ਬੇਈਮਾਨ ਕੀ' ਹੋਣਾ ਚਾਹੀਦਾ ਹੈ।
ਇਸ ਜਗ੍ਹਾ ਰਾਮਰਾਇ ਜੀ ਨੂੰ ਚਾਹੀਦਾ ਸੀ ਸਾਰੀਆਂ ਇੱਟਾਂ ਨੂੰ ਬੁਲਾਂਵਦੇ ਤੇ ਉਹ ਆਖਦੀਆਂ ਕਿ ਅਸੀਂ ਠੀਕ ਮੁਸਲਮਾਨ ਦੀ ਮਿੱਟੀ ਹਾਂ ਪਰੰਤੂ ਬਾਦਸ਼ਾਹ ਦੇ ਲਿਹਾਜ਼ ਕਰਨ 'ਪਰ ਗੁਰੂ ਸਾਹਿਬ ਜੀ ਦੀ ਤੁਕ ਉਲਟਾਣ ਨਾਲ ਰਾਮਰਾਇ ਜੀ ਗੱਦੀਓਂ ਖ਼ਾਰਜ ਹੋ ਗਏ।
(ਇਹ ਸਾਰਾ ਪ੍ਰਸੰਗ ਸੂਰਜ ਪ੍ਰਤਾਪ ਰਾਸ ਨੌਵੀਂ ਅੰਸੂ ੩੪ ਤੋਂ ਲੈ ਕੇ ੫੭ ਅੰਸੂ ਤੱਕ ਹੈ।)
ਦੂਸਰਾ ਅਰਥ-
'ਮਿਟੀ ਮੁਸਲਮਾਨ ਕੀ'
ਪੰਜਾਂ ਤੱਤਾਂ ਰੂਪੀ ਮਿੱਟੀ ਦਾ ਰਚਿਆ ਹੋਇਆ ਜੋ ਮੁਸਲ=ਸਰੀਰ ਹੈ ਇਸ ਦਾ ਮਾਨ=ਹੰਕਾਰ ਕੀ ਕਰਨਾ ਹੈ।