

'ਪੇੜੈ ਪਈ ਕੁਮਿਆਰ॥'
ਕੁਮਿਆਰ=ਬ੍ਰਹਮਾ ਦੇ ਪੇੜੈ=ਪੱਲੇ ਵਿਖੇ ਪੰਜਾਂ ਤੱਤਾਂ ਰੂਪੀ ਮਿੱਟੀ ਪਈ ਹੈ।
'ਘੜਿ ਭਾਂਡੇ ਇਟਾ ਕੀਆ’
ਕੁਛ ਤਾਂ ਭਾਂਡੇ=ਚੇਤਨ ਬਣਾਏ ਹਨ ਤੇ ਕੁਛ ਇਟਾ=ਜੜ ਰਚਨਾ ਕੀਤੇ ਹਨ।
'ਜਲ-ਦੀ ਕਰੇ ਪੁਕਾਰ॥'
ਜਲ-ਦੀ=ਸੜਦੀ ਹੋਈ ਮਾਤਾ ਦੇ ਉਦਰ ਵਿਚ ਜੀਵ ਰੂਪੀ ਇਸਤ੍ਰੀ ਪੁਕਾਰਾਂ ਨੂੰ ਕਰਦੀ ਹੈ।
ਜਲਿ ਜਲਿ ਰੋਵੈ ਬਪੁੜੀ
ਬਪੁੜੀ=ਵਿਚਾਰੀ ਜੀਵ ਰੂਪੀ ਇਸਤਰੀ ਵਿਹਾਰਾਂ ਵਿਚ ਜਲ ਜਲ ਕੇ ਰੁਦਨ ਕਰਦੀ ਹੈ।
ਝੜਿ ਝੜਿ ਪਵਹਿ ਅੰਗਿਆਰ ॥
ਦੁੱਖ ਵਿਚ ਹੋਰ ਦੁੱਖ ਹੁੰਦਾ ਹੈ।
ਦੁਖ ਮਾਂਝ ਦੁਖ ਹੋਰ ॥ ਲਾਭ ਹੋਤ ਸਾਂਝ ਭੋਰ॥
(ਵੈਰਾਗ ਸ਼ਤਕ)
ਅਥਵਾ:-ਅੰਤ ਨੂੰ ਮਸਾਣ ਭੂਮਕਾ ਵਿਚ ਅੱਗ ਦੇ ਅੰਗਿਆਰੇ ਝੜ ਝੜ ਪੈਂਦੇ ਹਨ।
ਅਥਵਾ-ਪ੍ਰਲੋਕ ਵਿਖੇ ਨਰਕ ਅਗਨੀ ਵਿਚ ਅੰਗਿਆਰੇ ਝੜ ਝੜ ਕੇ ਪੈਂਦੇ ਹਨ।
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨ ॥
ਸਤਿਗੁਰ ਦੇਵ ਜੀ ਆਖਦੇ ਹਨ-ਜਿਸ ਕਰਤੇ = ਵਾਹਿਗੁਰੂ ਨੇ ਇਹ ਕਾਰਣੁ=ਪ੍ਰਪੰਚ ਕੀਤਾ ਹੈ, ਸੋਈ ਅਕਾਲ ਪੁਰਖ ਸਭ ਜੀਵਾਂ ਦੀ ਗੱਲ-ਬਾਤ ਨੂੰ ਜਾਣਦਾ ਹੈ॥੨॥
ਪਉੜੀ ॥ ਬਿਨੁ ਸਤਿਗੁਰ ਕਿਨੈ ਨ ਪਾਇਓ
ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰਾਂ ਤੋਂ ਬਿਨਾਂ ਪਿਛੇ ਵੀ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਪਾਇਆ। ਹੁਣ ਵੀ ਸਤਿਗੁਰਾਂ ਤੋਂ ਬਿਨਾਂ ਕਿਸੀ ਨੇ ਪਰਮੇਸ਼ਰ ਨੂੰ ਨਹੀਂ ਪਾਇਆ।
ਅਥਵਾ:-ਸਤਿਗੁਰਾਂ ਤੋਂ ਬਿਨਾਂ ਨਾ ਹਿੰਦੂਆਂ ਨੇ ਪਰਮੇਸ਼ਰ ਨੂੰ ਪਾਇਆ ਹੈ ਸਤਿਗੁਰਾਂ ਤੋਂ ਬਿਨਾਂ ਨਾ ਮੁਸਲਮਾਨਾਂ ਨੇ ਪਰਮੇਸ਼ਰ ਨੂੰ ਪਾਇਆ ਹੈ, ਕਿਉਂਕਿ-
ਹੈ ਨਿਕਟੇ ਅਰੁ ਭੇਦੁ ਨ ਪਾਇਆ॥ ਬਿਨੁ ਸਤਿਗੁਰ ਸਭ ਮੋਹੀ ਮਾਇਆ॥
(ਭੈਰਉ ਮ: ੫, ਪੰਨਾ ੧੧੩੯)