

ਉਹਨਾਂ ਪੁਰਸ਼ਾਂ ਨੇ ਹੀ ਜਗਜੀਵਨੁ ਦਾਤਾ=ਅਕਾਲ ਪੁਰਖ ਨੂੰ ਪਾਇਆ ਹੈ॥ ੬॥
ਸਲੋਕ ਮਃ ੧ ॥
ਉਥਾਨਕਾ- ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਇਹ ਜੀਵ ਆਉਂਦਾ ਜਾਂਦਾ ਕਿਉਂ ਹੈ ?
ਹਉ ਵਿਚਿ ਆਇਆ ਹਉ ਵਿਚਿ ਗਇਆ॥
ਉੱਤਰ- ਹੰਗਤਾ ਵਿਚ ਜੀਵ ਆਉਂਦਾ ਹੈ, ਹੰਗਤਾ ਵਿਚ ਹੀ ਜਾਂਦਾ ਹੈ। ਅਰਥਾਤ ਮਾਇਆ ਕਰਕੇ ਆਉਂਦਾ ਹੈ, ਮਾਇਆ ਕਰਕੇ ਜਾਂਦਾ ਹੈ।
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ਹੰਗਤਾ ਵਿਚ ਜੰਮਦਾ ਹੈ, ਹੰਗਤਾ ਵਿਚ ਮਰਦਾ ਹੈ।
ਯਥਾ- ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ॥
(ਬਿਹਾਗੜੇ ਕੀ ਵਾਰ, ਪੰਨਾ ੫੫੫)
ਹਉ ਵਿਚਿ ਦਿਤਾ ਹਉ ਵਿਚਿ ਲਇਆ॥
ਹੰਗਤਾ ਵਿਚ ਦੇਂਦਾ ਹੈ, ਹੰਗਤਾ ਵਿਚ ਲੈਂਦਾ ਹੈ*।
ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ਹੰਗਤਾ ਵਿਚ ਧਨ ਖਟਦਾ ਹੈ, ਹੰਗਤਾ ਵਿਚ ਹੀ ਸਭ ਕੁਝ ਗਵਾ ਦੇਂਦਾ ਹੈ ਭਾਵ ਘਾਟਾ ਪਾ ਦੇਂਦਾ ਹੈ।
ਹਉ ਵਿਚਿ ਸਚਿਆਰੁ ਕੂੜਿਆਰੁ ॥
ਸੱਚਾਈ ਵਿਚ ਪਰਵਿਰਤ ਹੋਣਾ ਭੀ ਹੰਗਤਾ ਵਿਚ ਹੈ ਤੇ ਕੂੜਿਆਰੁ=ਝੂਠ ਵਿਚ ਪ੍ਰਵਿਰਤ ਹੋਣਾ ਭੀ ਹੰਗਤਾ ਵਿਚ ਹੈ। ਇਹ ਨਿਯਮ ਸਮਝ ਲਵੋ ਕਿ ਗਿਆਨ ਤੱਕ ਜਿਤਨੇ ਕੁ ਸਾਧਨ ਹਨ, ਇਹ ਸਭ ਹੰਗਤਾ ਵਿਚ ਅਰਥਾਤ ਮਾਇਆ ਵਿਚ ਹਨ।
ਹਉ ਵਿਚਿ ਪਾਪ ਪੁੰਨ ਵੀਚਾਰੁ ॥
ਪਾਪਾਂ ਪੁੰਨਾਂ ਦਾ ਵਿਚਾਰ ਭੀ ਹੰਗਤਾ ਵਿਚ ਹੈ।
--------------------
*ਯਥਾ-ਬਿਆਸ ਭਗਵਾਨ ਜੀ ਨੇ ਸਰੀਰਕ ਸ਼ਾਸਤ੍ਰ ਰਚਿਆ ਹੈ, ਉਸ ਦੇ ਅਧਿਆਸ ਭਾਸ਼ ਵਿਖੇ ਜੋ ਕਿ ਸ਼ੰਕਰਾਚਾਰਜ ਜੀ ਨੇ ਕੀਤਾ ਹੈ ਉਸ ਵਿਖੇ ਵੀ ਅਹੰਮਮ ਅਧਿਆਸ ਹੈ, ਅਹੰਮਮ ਅਧਿਆਸ ਦੇ ਵਿਚ ਸਾਰਾ ਸੰਸਾਰ ਕਥਨ ਕੀਤਾ ਹੈ।