

ਮਹਲਾ ੨ ॥
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ-ਹੇ ਪ੍ਰਭੋ ! ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਉਮੈ ਦੀ ਗੱਲ ਕਹੀ ਹੈ, ਆਪ ਭੀ ਕ੍ਰਿਪਾ ਕਰ ਕੇ ਦੱਸੋ।
ਅੰਨਵੇਂ ਪੰਗਤੀ-
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ॥
ਇਹ ਹੰਗਤਾ ਕਿਥਹੁ=ਕਿਸ ਜਗ੍ਹਾ ਤੋਂ ਉਤਪੰਨ ਹੋਈ ਹੈ ? ਅਤੇ ਹਉਮੈ ਦਾ ਬੰਧਨ ਕੌਣ ਹੈ ? ਤੇ ਹੰਗਤਾ ਨਵਿਰਤ ਕਿਸ ਸਾਧਨ ਕਰਕੇ ਹੁੰਦੀ ਹੈ ? ਸੰਗਤਾਂ ਨੇ ਇਹ ਤਿੰਨ ਪ੍ਰਸ਼ਨ ਕੀਤੇ।
ਪਹਿਲੇ ਪ੍ਰਸ਼ਨ ਦਾ ਉੱਤਰ-
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥
ਹੰਗਤਾ ਦੀ ਜਾਤਿ=ਉਤਪਤੀ ਏਹਾ=ਇਸ ਪ੍ਰਕਾਰ ਹੈ, ਜਿਹੜਾ ਹੰਗਤਾ ਦੇ ਸਹਿਤ ਕਰਮਾਂ ਦਾ ਕਮਾਉਣਾ ਹੈ।
ਦੂਸਰੇ ਪ੍ਰਸ਼ਨ ਦਾ ਉੱਤਰ-
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥
ਹੰਗਤਾ ਦਾ ਏਹੀ ਬੰਧਨ ਹੈ, ਜਿਹੜਾ ਬਾਰੰਬਾਰ ਚੌਰਾਸੀ ਲੱਖ ਜੂਨ ਵਿਚ ਪੈਣਾ ਹੈ।
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥
(ਇਸ ਦਾ ਅਰਥ ਪਹਿਲੇ ਹੋ ਚੁੱਕਾ ਹੈ)
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥
ਇਹ ਈਸ਼ਵਰ ਦਾ ਹੁਕਮ ਹੈ ਕਿ ਜਿਸ ਤਰ੍ਹਾਂ ਦੇ ਮੱਥੇ ਉਪਰ ਕਿਰਤਿ=ਕਰਮ ਪਏ ਹਨ, ਤਿਨ੍ਹਾਂ ਕਰਮਾਂ ਅਨੁਸਾਰ ਹੀ ਇਹ ਜੀਵ ਹੰਗਤਾ ਕਰਕੇ ਚੌਰਾਸੀ ਲੱਖ ਜੂਨ ਵਿਚ ਫਿਰਦਾ ਹੈ।
ਤੀਸਰੇ ਪ੍ਰਸ਼ਨ ਦਾ ਉੱਤਰ- ਪਹਿਲੇ ਅਨੁਵਾਦ ਕਰਦੇ ਹਨ।
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
ਹੰਗਤਾ ਰੂਪੀ ਇਕ ਵੱਡਾ ਭਾਰੀ ਲੰਬਾ ਰੋਗ ਹੈ।
ਯਥਾ-ਹਉਮੈ ਰੋਗੁ ਮਾਨੁਖ ਕਉ ਦੀਨਾ॥
(ਭੈਰਉ ਮ: ੫, ਪੰਨਾ ੧੧੪੦)
ਤਥਾ- ਹਉਮੈ ਰੋਗੁ ਵਡਾ ਸੰਸਾਰਿ॥ ਗੁਰ ਕਿਰਪਾ ਤੇ ਏਹੁ ਰੋਗੁ ਜਾਇ॥