

ਉਹਨਾਂ ਸੰਤੋਖੀਆਂ ਨੇ ਮੰਦੀ ਜਗ੍ਹਾ ਉਪਰ ਪੈਰ ਨਹੀਂ ਰੱਖਿਆ ਭਾਵ ਖੋਟੇ ਰਸਤੇ ਨਹੀਂ ਚੱਲਦੇ। ਅਥਵਾ:-ਮਨ ਰੂਪੀ ਪੈਰ ਨੂੰ ਮੰਦੇ ਸੰਕਲਪਾਂ ਵਿਕਲਪਾਂ ਵਿਖੇ ਨਹੀਂ ਰੱਖਿਆ। ਸੁਕ੍ਰਿਤੁ=ਪੁੰਨ ਕਰਮ ਕਰਕੇ ਆਪਣੇ ਧਰਮ ਨੂੰ ਕਮਾਇਆ ਹੈ। ਅਥਵਾ-ਪੁੰਨ ਕਰਮ ਰੂਪੀ ਧਰਮ ਨੂੰ ਉਹਨਾਂ ਨੇ ਕਮਾਇਆ ਹੈ*।
ਓਨੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥
ਉਹਨਾਂ ਨੇ ਦੁਨਿਆਵੀ ਬੰਧਨ ਸਭ ਤੋੜ ਦਿੱਤੇ ਹਨ, ਅੰਨ ਥੋਹੜਾ ਖਾਂਦੇ ਹਨ ਅਤੇ ਪਾਣੀ ਭੀ ਥੋਹੜਾ ਪੀਂਦੇ ਹਨ।
ਯਥਾ- ਥੋਹੜੀ ਨਿੰਦ੍ਰਾ ਅਲਪ ਅਹਾਰੀ॥ ਸਾਧ ਕਾ ਪਿੰਡ ਸਦਾ ਬੀਚਾਰੀ॥
(ਰਤਨ ਮਾਲਾ)
ਦਸਮ ਗੁਰੂ ਗ੍ਰੰਥ ਸਾਹਿਬ ਵਿਖੇ ਭੀ ਕਥਨ ਕੀਤਾ ਹੈ।
ਯਥਾ- ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਇਆ ਛਿਮਾ ਤਨ ਪ੍ਰੀਤਿ॥
ਤੂੰ ਬਖਸੀਸੀ ਅਗਲਾ
ਹੇ ਅਕਾਲ ਪੁਰਖ ! ਤੂੰ ਅਗਲਾ=ਬੜਾ ਬਖ਼ਸ਼ਿੰਦ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਿਆ ਹੈ-
ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ॥
ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ॥੨॥
(ਗੂਜਰੀ ਕੀ ਵਾਰ, ਪੰਨਾ ੫੧੮)
ਅਥਵਾ:-ਹੇ ਅਕਾਲ ਪੁਰਖ! ਤੂੰ ਅਗਲਾ=ਬਹੁਤੀਆਂ ਬਖ਼ਸ਼ਿਸ਼ਾਂ ਕਰਨ ਵਾਲਾ ਹੈ।
ਨਿਤ ਦੇਵਹਿ ਚੜਹਿ ਸਵਾਇਆ॥
ਹੇ ਵਾਹਿਗੁਰੂ ! ਜਿਸ ਨੂੰ ਆਪ ਦਿੰਦੇ ਹੋ, ਉਸ ਦਾ ਨਿਤਾਪ੍ਰਤੀ ਸਵਾਏ ਤੋਂ ਸਵਾਇਆ ਜਸ ਚੜ੍ਹਦਾ ਹੈ। ਅਥਵਾ:-ਇਕ ਵੇਰ ਨਹੀਂ, ਤੂੰ ਨਿਤਾਪ੍ਰਤੀ ਦੇਂਦਾ ਹੀ ਦੇਂਦਾ ਹੈਂ, ਫੇਰ ਤੇਰਾ ਦਿੱਤਾ ਹੋਇਆ ਪਦਾਰਥ ਘਟਦਾ ਨਹੀਂ, ਸਗੋਂ ਸਵਾਏ ਤੋਂ ਸਵਾਇਆ ਚੜਹਿ=ਵਧਦਾ ਹੈ।
-------------------
*ਰੱਬ ਵਾਲਿਆਂ ਦੀ ਏਹਾ ਨਿਸ਼ਾਨੀ, ਉਹ ਦਿਸਦੇ ਖਰੇ ਨਿਮਾਣੇ।
ਮੰਦਾ ਕਿਸੀ ਨੂੰ ਆਖਣ ਨਾਹੀਂ, ਉਹ ਸਭਸੈ ਦੇ ਮਨ ਭਾਣੇ।
ਮਿੱਠਾ ਬੋਲਣ ਤੇ ਨਿਵ ਚੱਲਣ, ਉਹ ਦਿਲ ਨਾ ਕਿਸੀ ਦਾ ਰੰਞਾਣੇ।
ਆਖ ਗੁਆਲਾ ਖੁਦੀ ਤਕੱਬਰੀ, ਓਨਾਂ ਉਡ ਗਈ ਵਾਂਗ ਟਿਟਾਣੇ।