

ਘੋਰੀ ਮੱਤ ਵਾਲਿਆਂ ਨੇ ਅਲ=ਰੱਜ ਕੇ ਅਥਵਾ:-ਤਾਜ਼ੀ ਮਲੁ=ਵਿਸ਼ਟਾ ਖਾ ਲਈ ਭਾਵ ਮਲ ਮੂਤ੍ਰ ਤੇ ਸ਼ਰਾਬ ਆਦਿ ਵਰਤ ਕੇ ਸਿਰ ਪਰ ਪ੍ਰਤੱਖ ਸੁਆਹ ਅਥਵਾ:-ਲਾਹਨਤਾਂ ਰੂਪੀ ਸੁਆਹ ਪਾ ਲੀਤੀ।
ਮੂਰਖਿ ਅੰਧੈ ਪਤਿ ਗਵਾਈ॥
ਇਸ ਮੂਰਖ ਅੰਧੇ ਅਗਿਆਨੀ ਪੁਰਸ਼ ਨੇ ਆਪਣੀ ਨਿਸਫਲ ਹੀ ਪਤਿ ਅਬਰੋ ਗਵਾ ਲੀਤੀ।
ਵਿਣੁ ਨਾਵੈ ਕਿਛੁ ਥਾਇ ਨ ਪਾਈ॥
ਨਾਮ ਜਪੇ ਬਿਨਾਂ, ਕੋਈ ਕਰਤੱਬ ਕੀਤਾ ਹੋਇਆ ਥਾਂ ਵਿਖੇ ਨਹੀਂ ਪੈਂਦਾ ਭਾਵ ਸਫਲ ਨਹੀਂ ਹੁੰਦਾ।
ਯਥਾ- ਕਲਜੁਗ ਮਹਿ ਬਹੁ ਕਰਮ ਕਮਾਹਿ॥ ਨਾ ਰੁਤਿ ਨ ਕਰਮ ਥਾਇ ਪਾਹਿ॥
ਕਲਜੁਗ ਮਹਿ ਰਾਮ ਨਾਮੁ ਹੈ ਸਾਰੁ॥
(ਭੈਰਉ ਮਹਲਾ ੩, ਪੰਨਾ ੧੧੨੯)
ਅਥਵਾ:- ਕੋਈ ਭੇਖ ਧਾਰਨ ਕੀਤਾ ਹੋਇਆ ਕਬੂਲ ਨਹੀਂ ਪੈਂਦਾ।
ਰਹੈ ਬੇਬਾਣੀ ਮੜੀ ਮਸਾਣੀ ॥
ਚਾਹੇ ਬੇਬਾਣੀ=ਉਜਾੜਾਂ ਵਿਚ ਰਹੇ, ਚਾਹੇ ਮੜ੍ਹੀਆਂ ਮਸਾਣਾਂ ਵਿਚ ਰਹਿਣਾ ਕਰੇ, ਨਾਮ ਜਪੇ ਬਗੈਰ ਮੁਕਤੀ ਨਹੀਂ ਮਿਲਦੀ।
ਅੰਧੁ ਨ ਜਾਣੈ ਫਿਰਿ ਪਛੁਤਾਣੀ ॥
ਪਖੰਡ ਕਰਮ ਹੋਣ ਕਰਕੇ, ਅੰਧਾ ਅਗਿਆਨੀ ਜੀਵ ਵਾਹਿਗੁਰੂ ਨੂੰ ਜਾਣਦਾ ਨਹੀਂ। ਕਰਮਾਂ ਦਾ ਫਲ ਭੋਗਣ ਵੇਲੇ ਅੰਤ ਨੂੰ ਫਿਰ ਪਸਚਾਤਾਪ ਕਰਦਾ ਹੈ।
{ਪੰਨਾ ੪੬੮}
ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ॥
ਜਿਸ ਨੂੰ ਸਤਿਗੁਰ ਦੇਵ ਜੀ ਭੇਟੇ=ਮਿਲੇ ਹਨ, ਉਹ ਪੁਰਸ਼ ਮਨ ਵਿਚ ਹਰੀ ਨਾਮ ਨੂੰ ਵਸਾ ਕੇ ਸੁਖ ਨੂੰ ਪਾਉਂਦਾ ਹੈ।
ਨਾਨਕ ਨਦਰਿ ਕਰੇ ਸੋ ਪਾਏ ॥
ਸਤਿਗੁਰ ਦੇਵ ਜੀ ਆਖਦੇ ਹਨ- ਜਿਸ 'ਪਰ ਈਸ਼ਵਰ ਕ੍ਰਿਪਾ ਦ੍ਰਿਸ਼ਟੀ ਕਰਦਾ ਹੈ ਉਹ ਪੁਰਸ਼ ਮੋਖ ਨੂੰ ਪਾਉਂਦਾ ਹੈ।