

ਹੇ ਅਕਾਲ ਪੁਰਖ! ਆਪ ਤੋਂ ਬਿਨਾਂ ਸਭ ਝੂਠ ਹੀ ਝੂਠ ਹੈ॥੧॥
ਪੁਨਾ- ਰਾਇ ਬੁਲਾਰ ਨੇ ਬੇਨਤੀ ਕੀਤੀ, ਹੇ ਪ੍ਰਭੋ! ਉਸ ਸੱਚੇ ਨੂੰ ਫਿਰ ਕਿਵੇਂ ਜਾਣੇ ?
ਗੁਰ ਉੱਤਰ:-
ਮਃ ੧ ॥ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥
ਹੇ ਰਾਇ ਬੁਲਾਰ ! ਸੱਚ ਨੂੰ ਤਾਂ ਹੀ ਪਰੁ=ਭਲੀ ਪ੍ਰਕਾਰ ਜਾਣ ਸਕਦਾ ਹੈ ਜਾਂ ਰਿਦੇ ਵਿਚ ਸੱਚਾ ਨਾਮ ਹੋਵੇ। ਜੇਕਰ ਰਿਦੇ ਵਿਚ ਸੱਚੇ ਦੀ ਪਹਿਚਾਨ ਨਹੀਂ ਹੈ ਤੇ ਉਪਰੋਂ ਉਪਰੋਂ ਲੋਕ ਦਿਖਲਾਵੇ ਲਈ ਕਹਿੰਦਾ ਰਹੇ ਤਾਂ ਇਸ ਦਾ ਕਹਿਣਾ ਨਿਸਫਲ ਹੈ। ਜੈਸਾ ਕਿ ਭਾਈ ਗੁਰਦਾਸ ਜੀ ਨੇ ੪੩੭ ਕਬਿੱਤ ਵਿਚ ਵੀ ਇਹੋ ਭਾਵ ਕਥਨ ਕੀਤਾ ਹੈ। ਯਥਾ-
ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦ ਮੀਠੋ ਆਵੈ, ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ।
ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ, ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ।
ਚੰਦਨ ਚੰਦਨ ਕਹਤ ਪ੍ਰਗਟੈ ਨ ਸੁਬਾਸ ਬਾਸੁ, ਚੰਦੁ ਚੰਦੁ ਕਹੈ ਉਜੀਆਰੋ ਨ ਪ੍ਰਗਾਸ ਹੈ।
ਤੈਸੇ ਗਿਆਨ ਗੋਸਟਿ ਕਹਤ ਨ ਰਹਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ।
ਤਥਾ- ਗਲੀ ਤ੍ਰਿਪਤਿ ਨ ਹੋਵਈ ਖੰਡੁ ਖੰਡੁ ਕਰਿ ਸਾਉ ਨ ਭੋਵੈ ॥
ਮਖਨੁ ਖਾਇ ਨ ਨੀਰੁ ਵਿਲੋਵੈ॥ ੧੭॥
(ਭਾਈ ਗੁਰਦਾਸ ਜੀ, ਵਾਰ ੧੭)
ਤਥਾ- ਜੈਸੇ ਖਾਂਡ ਨਾਮ ਲੇਤ ਹੋਵਤ ਨ ਮੀਠੋ ਮੁਖ, ਮੀਠੋ ਮੁਖ ਹੋਤ ਪੁਨ ਖਾਂਡ ਹੂੰ ਕੇ ਖਾਨ ਸੇ।
ਜੈਸੇ ਨੀਮ ਨਾਮ ਲੇਤ ਹੋਵਤ ਨ ਕਉੜੋ ਮੁਖ, ਕਉੜੋ ਮੁਖ ਹੋਤ ਪੁਨ ਨੀਮ ਕੇ ਚਬਾਨ ਸੇ।
ਜੈਸੇ ਪਾਣੀ ਨਾਮ ਲੇਤ ਜਾਵਤ ਨ ਪਿਆਸ ਤਾਹਿ, ਜਾਵਤ ਹੈ ਪਿਆਸ ਪੁਨ ਪਾਣੀ ਕੇ ਪਿਲਾਨ ਸੇ।
ਤੈਸੋ ਰਾਮ ਨਾਮ ਲੇਤ ਹੋਤ ਨ ਅਰਾਮ ਕੁਛ, ਪ੍ਰੇਮ ਜੀ ਅਰਾਮ ਹੋਤ ਰਾਮ ਕੀ ਪਹਿਚਾਨ ਸੇ।
ਤਥਾ- ਜੈਸੇ ਅੰਨ ਨਾਮ ਲੇਤ ਜਾਵਤ ਨ ਭੁਖ ਕਾਹਿ, ਜਾਵਤ ਹੈ ਭੂਖ ਪੁਨ ਅੰਨ ਕੇ ਛਕਾਨ ਤੇ।
ਜੈਸੇ ਪਟ ਨਾਮ ਲੇਤ ਜਾਵਤ ਨ ਸੀਤ ਤਾਹਿ, ਜਾਵਤ ਹੈ ਸੀਤ ਪੁਨ ਪਟ ਕੇ ਓਢਾਨ ਤੇ।
ਜੈਸੇ ਦੀਪ ਨਾਮ ਲੇਤ ਜਾਵਤ ਨ ਤਮ ਤਾਹਿ, ਜਾਵਤ ਹੈ ਤਮ ਪੁਨ ਦੀਪ ਕੇ ਜਗਾਨ ਤੇ।
ਤੈਸੇ ਰਾਮ ਨਾਮ ਲੇਤ ਹੋਤ ਨ ਅਰਾਮ ਕੁਛ, ਮੋਹਨ ਰਾਮ ਹੋਤ ਪੁਨ ਰਾਮ ਕੀ ਪਹਿਚਾਨ ਤੇ।
ਕੂੜ ਕੀ ਮਲੁ ਉਤਰੈ
ਨਾਮ ਜਪਣ ਕਰਕੇ ਝੂਠ ਦੀ ਮੈਲ ਮਨ ਤੋਂ ਉੱਤਰ ਜਾਂਦੀ ਹੈ।
ਤਨੁ ਕਰੇ ਹਛਾ ਧੋਇ॥
ਅਤੇ ਪਰਮੇਸ਼ਰ ਦਾ ਨਾਮ ਹੀ ਝੂਠ ਬੋਲਣ ਵਾਲੇ ਸੁਭਾਵ ਨੂੰ ਹਟਾ ਕੇ ਤਨੁ=ਸਰੀਰ ਨੂੰ
ਅਥਵਾ:-ਤਨੁ=ਅੰਤਹਕਰਣ ਨੂੰ ਧੋ ਕੇ ਸ਼ੁਧ ਕਰ ਦੇਂਦਾ ਹੈ।